ਅਮਰੀਕਾ ਤੋਂ 116 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦੇ ਦੂਜੇ ਸਮੂਹ ਨੂੰ ਲੈ ਕੇ ਅਮਰੀਕੀ ਫੌਜੀ ਜਹਾਜ਼ ਸੀ-17 ਸ਼ਨੀਵਾਰ ਰਾਤ 11.32 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਇਨ੍ਹਾਂ ਵਿੱਚੋਂ ਪੰਜਾਬ ਤੋਂ 65, ਹਰਿਆਣਾ ਤੋਂ 33, ਗੁਜਰਾਤ ਤੋਂ 8, ਯੂਪੀ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 2-2, ਅਤੇ ਹਿਮਾਚਲ, ਜੰਮੂ-ਕਸ਼ਮੀਰ ਅਤੇ ਗੋਆ ਤੋਂ 1-1 ਹੈ।
ਪਿਛਲੀ ਵਾਰ ਵਾਂਗ ਇਸ ਵਾਰ ਵੀ ਵਾਪਸ ਆਏ ਭਾਰਤੀਆਂ ਨੂੰ ਹੱਥਕੜੀਆਂ ਅਤੇ ਬੇੜੀਆਂ ਨਾਲ ਬੰਨ੍ਹ ਕੇ ਲਿਆਂਦਾ ਗਿਆ ਸੀ ਜਿਨ੍ਹਾਂ ਨੂੰ ਜਹਾਜ਼ ਤੋਂ ਉਤਰਨ ਤੋਂ ਪਹਿਲਾਂ ਹਟਾ ਦਿੱਤਾ ਗਿਆ ਸੀ। ਉਡਾਣ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਹੱਥਕੜੀ ਨਹੀਂ ਲਗਾਈ ਗਈ ਸੀ, ਸਿਰਫ਼ ਮਰਦਾਂ ਨੂੰ ਹੀ ਹੱਥਕੜੀ ਲਗਾਈ ਗਈ ਸੀ।
ਇਸ ਦੇ ਨਾਲ ਹੀ ਅਮਰੀਕਾ ਤੋਂ ਤੀਜਾ ਜਹਾਜ਼ ਅੱਜ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੇਗਾ। ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਅਤੇ ਅੱਜ ਅੰਮ੍ਰਿਤਸਰ ਲਿਆਂਦਾ ਗਿਆ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦਾ ਦੂਜਾ ਜੱਥਾ ਹੁਣ ਉਨ੍ਹਾਂ ਦੇ ਸਬੰਧਤ ਰਾਜਾਂ ਵਿੱਚ ਭੇਜਿਆ ਜਾ ਰਿਹਾ ਹੈ।
ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਵਾਸ਼ਿੰਗਟਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲੇ ਸਨ, ਤਾਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਟਰੰਪ ਕੋਲ ਭਾਰਤੀਆਂ ਨੂੰ ਹੱਥਕੜੀ ਲਗਾਉਣ ਦਾ ਮੁੱਦਾ ਉਠਾਉਂਦੇ ਅਤੇ ਇਸ ਤੋਂ ਭਾਰਤੀਆਂ ਨੂੰ ਛੋਟ ਦੇਣ ਦੀ ਮੰਗ ਕਰਦੇ, ਪਰ ਅਮਰੀਕਾ ਨੇ ਫਿਰ ਆਪਣਾ ਉਹੀ ਤਰੀਕਾ ਅਪਣਾਇਆ। ਭਾਰਤੀ ਕੂਟਨੀਤੀ ਇੱਥੇ ਬਹੁਤੀ ਕੰਮ ਦੀ ਨਹੀਂ ਜਾਪਦੀ। ਪਿਛਲੀ ਵਾਰ ਜਦੋਂ ਭਾਰਤੀਆਂ ਨੂੰ ਹੱਥਕੜੀਆਂ ਲਗਾ ਕੇ ਲਿਆਂਦਾ ਗਿਆ ਸੀ ਤਾਂ ਬਹੁਤ ਹੰਗਾਮਾ ਹੋਇਆ ਸੀ।