ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕੇਐਮਐਮ ਦੇ 28 ਕਿਸਾਨ ਆਗੂਆਂ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਐਮਐਸਪੀ ਸਮੇਤ 11 ਮੁੱਦਿਆਂ ‘ਤੇ ਮੀਟਿੰਗ ਕੀਤੀ। ਸ਼ਾਮ 5:11 ਵਜੇ ਤੋਂ ਰਾਤ 8:30 ਵਜੇ ਤੱਕ ਚੱਲੀ ਇਹ ਮੀਟਿੰਗ ਬੇਸਿੱਟਾ ਰਹੀ।
ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਕੇਂਦਰ ਨੂੰ ਐਮਐਸਪੀ ਗਾਰੰਟੀ ਦੀ ਮੰਗ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਹੁਣ ਅਗਲੀ ਮੀਟਿੰਗ 22 ਫਰਵਰੀ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਹੋਵੇਗੀ।
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਾਡੀ ਕਿਸਾਨ ਆਗੂਆਂ ਨਾਲ ਚੰਗੇ ਮਾਹੌਲ ਵਿੱਚ ਮੀਟਿੰਗ ਹੋਈ। ਅਸੀਂ ਕਿਸਾਨ ਆਗੂਆਂ ਦੀਆਂ ਸਾਰੀਆਂ ਮੰਗਾਂ ਸੁਣੀਆਂ। ਅਸੀਂ ਉਨ੍ਹਾਂ ਨੂੰ ਬਜਟ ਵਿੱਚ ਕਿਸਾਨਾਂ ਲਈ ਲਏ ਗਏ ਫੈਸਲਿਆਂ ਬਾਰੇ ਦੱਸਿਆ। 22 ਫਰਵਰੀ ਨੂੰ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਵੇਗੀ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੀਟਿੰਗ ਪਾਜ਼ੀਟਿਵ ਰਹੀ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਸੰਗਠਨ ਕੇਂਦਰ ਨਾਲ ਗੱਲਬਾਤ ਰਾਹੀਂ ਮਸਲੇ ਹੱਲ ਕਰਨਾ ਚਾਹੁੰਦੇ ਹਨ, ਪਰ ਸਰਕਾਰ ਦਾ ਪਹੁੰਚ ਵੀ ਆਮ ਨਹੀਂ ਹੋਣਾ ਚਾਹੀਦਾ। ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਐਮਐਸਪੀ ਲਾਗੂ ਕਰਨ ‘ਤੇ ਸਾਲਾਨਾ 1 ਲੱਖ ਕਰੋੜ ਰੁਪਏ ਦਾ ਖਰਚਾ ਆਵੇਗਾ।