ਅਮਰੀਕਾ ਗੈਰ-ਕਾਨੂੰਨੀ ਤੌਰ ‘ਤੇ ਪਹੁੰਚੇ ਭਾਰਤੀਆਂ ਨੂੰ 2 ਹੋਰ ਜਹਾਜ਼ਾਂ ਰਾਹੀਂ ਭਾਰਤ ਵਾਪਸ ਭੇਜ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਜਹਾਜ਼ 277 ਭਾਰਤੀਆਂ ਨੂੰ ਲੈ ਕੇ ਅੱਜ 15 ਫਰਵਰੀ ਰਾਤ ਲਗਭਗ 10.15 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗਾ। ਇਨ੍ਹਾਂ ’ਚੋਂ 120 ਭਾਰਤੀ ਅੱਜ ਅਤੇ 157 ਭਾਰਤੀ ਕੱਲ੍ਹ ਯਾਨੀ ਐਤਵਾਰ ਨੂੰ ਭਾਰਤ ਪਹੁੰਚਣਗੇ। ਇਨ੍ਹਾਂ ਵਿੱਚ ਪੰਜਾਬ ਦੇ 67 ਅਤੇ ਹਰਿਆਣਾ ਦੇ 33 ਲੋਕ ਸ਼ਾਮਲ ਹਨ। ਦੂਜਾ ਜਹਾਜ਼ 16 ਫਰਵਰੀ ਨੂੰ ਇੱਥੇ ਉਤਰੇਗਾ। ਇਹ ਜਾਣਕਾਰੀ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ।
ਡਿਪੋਰਟ ਹੋ ਕੇ ਭਾਰਤ ਆਉਣ ਵਾਲੇ 120 ਭਾਰਤੀਆਂ ‘ਚ ਪੰਜਾਬ ਦੇ 67, ਹਰਿਆਣਾ ਦੇ 33, ਗੁਜਰਾਤ ਦੇ 8, ਉੱਤਰ ਪ੍ਰਦੇਸ਼ ਦੇ 3, ਮਹਾਰਾਸ਼ਟਰ ਦੇ 2, ਰਾਜਸਥਾਨ ਦੇ 2, ਗੋਆ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ 2-2 ਲੋਕ ਸ਼ਾਮਲ ਹਨ। ਦੂਜਾ ਜਹਾਜ਼ 16 ਫਰਵਰੀ ਯਾਨੀ ਐਤਵਾਰ ਨੂੰ ਉਤਰੇਗਾ। ਜਿਸ ਵਿੱਚ 157 ਭਾਰਤੀ ਮੌਜੂਦ ਹੋਣਗੇ।
ਹਾਲਾਂਕਿ, ਅੰਮ੍ਰਿਤਸਰ ਹਵਾਈ ਅੱਡੇ ਦੇ ਅਧਿਕਾਰੀਆਂ ਜਾਂ ਕਿਸੇ ਵੀ ਕੇਂਦਰੀ ਸਰਕਾਰੀ ਏਜੰਸੀ ਵੱਲੋਂ ਇਸਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਪਿਛਲੀ ਉਡਾਣ ਸੰਬੰਧੀ ਵੀ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਸਾਹਮਣੇ ਆਈਆਂ ਸਨ।
ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਭਾਰਤੀਆਂ ਨੂੰ ਅਮਰੀਕੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ ਸੀ। ਇਨ੍ਹਾਂ ਲੋਕਾਂ ਨੂੰ ਹੱਥਾਂ ਵਿੱਚ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਲਗਾ ਕੇ ਲਿਆਂਦਾ ਗਿਆ ਸੀ। ਇਸ ਵਾਰ ਭਾਰਤੀਆਂ ਨੂੰ ਕਿਵੇਂ ਦੇਸ਼ ਨਿਕਾਲਾ ਦਿੱਤਾ ਜਾਵੇਗਾ ਅਤੇ ਕੀ ਉਨ੍ਹਾਂ ਨੂੰ ਦੁਬਾਰਾ ਹੱਥਕੜੀਆਂ ਅਤੇ ਬੇੜੀਆਂ ਲਗਾ ਕੇ ਭੇਜਿਆ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।