ਭਾਰਤ ਦੇ ਸਭ ਤੋਂ ਕਾਮਯਾਬ ਖਿਡਾਰੀ ਪੰਕਜ ਅਡਵਾਨੀ ਨੇ ਯਸ਼ਵੰਤ ਕਲੱਬ ਵਿਖੇ ਰਾਸ਼ਟਰੀ ਸਨੂਕਰ ਚੈਂਪੀਅਨਸ਼ਿਪ ਜਿੱਤਣ ਲਈ ਆਪਣੇ ਹੁਨਰ ਅਤੇ ਦ੍ਰਿੜ ਇਰਾਦੇ ਦਾ ਪ੍ਰਦਰਸ਼ਨ ਕੀਤਾ, ਜੋ ਕਿ ਉਸਦਾ ਕੁੱਲ 36ਵਾਂ ਰਾਸ਼ਟਰੀ ਖਿਤਾਬ ਅਤੇ ਉਸਦੇ ਕਰੀਅਰ ਦਾ 10ਵਾਂ ਪੁਰਸ਼ ਸਨੂਕਰ ਖਿਤਾਬ ਹੈ।
ਓਐਨਜੀਸੀ ਲਈ ਖੇਡ ਰਹੇ ਅਡਵਾਨੀ ਨੇ ਫਾਈਨਲ ਵਿੱਚ ਬ੍ਰਿਜੇਸ਼ ਦਮਾਨੀ ਨੂੰ ਹਰਾਇਆ। ਦਮਾਨੀ ਨੇ ਪਹਿਲਾ ਫਰੇਮ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਸੀ ਪਰ ਉਸ ਤੋਂ ਬਾਅਦ ਉਹ ਅਡਵਾਨੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ।
ਇਸ ਮੁਕਾਬਲੇ ਵਿੱਚ ਪ੍ਰਦਰਸ਼ਨ ਦੇ ਆਧਾਰ ‘ਤੇ ਏਸ਼ੀਆਈ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦੀ ਚੋਣ ਕੀਤੀ ਜਾਵੇਗੀ। ਅਡਵਾਨੀ ਨੇ ਆਪਣੇ ਪ੍ਰਦਰਸ਼ਨ ਵਿੱਚ ਇਕਸਾਰਤਾ ਅਤੇ ਸ਼ੁੱਧਤਾ ਬਣਾਈ ਰੱਖੀ। ਇੱਕ ਫਰੇਮ ਪਿੱਛੇ ਰਹਿਣ ਦੇ ਬਾਵਜੂਦ ਉਸਨੇ ਆਪਣਾ ਸੰਜਮ ਬਣਾਈ ਰੱਖਿਆ ਅਤੇ ਕੋਈ ਗਲਤੀ ਨਹੀਂ ਕੀਤੀ। ਅਡਵਾਨੀ ਨੇ ਆਖਰੀ ਫਰੇਮ ਵਿੱਚ 84 ਦਾ ਪ੍ਰਭਾਵਸ਼ਾਲੀ ਬ੍ਰੇਕ ਲਗਾ ਕੇ ਫਰੇਮ, ਮੈਚ ਅਤੇ ਚੈਂਪੀਅਨਸ਼ਿਪ ਜਿੱਤ ਲਈ।
ਅਡਵਾਨੀ ਨੇ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਕਿਹਾ, “ਇਹ ਇੱਕੋ ਇੱਕ ਮੁਕਾਬਲਾ ਸੀ ਜਿਸ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਭਾਰਤੀ ਪ੍ਰਤੀਨਿਧੀਆਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਚੁਣਿਆ ਜਾਵੇਗਾ। ਇਸ ਲਈ ਇਸ ਟੂਰਨਾਮੈਂਟ ਵਿੱਚ ਬਹੁਤ ਕੁਝ ਦਾਅ ‘ਤੇ ਲੱਗਿਆ ਹੋਇਆ ਸੀ।” ਦਮਾਨੀ ਨੇ ਗਰੁੱਪ ਪੜਾਅ ਵਿੱਚ ਅਡਵਾਨੀ ਨੂੰ ਹਰਾਇਆ ਸੀ ਪਰ ਫਾਈਨਲ ਵਿੱਚ ਤਜਰਬੇਕਾਰ ਖਿਡਾਰੀ ਦੇ ਖਿਲਾਫ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕਿਆ। ਅਡਵਾਨੀ ਗਰੁੱਪ ਪੜਾਅ ਦੇ ਮੈਚ ਵਿੱਚ ਦਮਾਨੀ ਖ਼ਿਲਾਫ਼ ਸਿਰਫ਼ ਇੱਕ ਫਰੇਮ ਜਿੱਤਣ ਵਿੱਚ ਕਾਮਯਾਬ ਰਿਹਾ।