ਪੰਜਾਬ ਵਿਚ ਕੈਮਰਿਆਂ ਰਾਹੀਂ ਚਲਾਨ ਪੇਸ਼ ਕਰਨ ਦੀ ਸਕੀਮ 26 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸ਼ੁਰੂਆਤ ਵਿੱਚ ਇਹ ਸਕੀਮ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਇਸ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ। ਸਿਟੀ ਟਰੈਫਿਕ ਪੁਲਿਸ ਨੇ ਦਸੰਬਰ ਵਿੱਚ ਟਰਾਇਲ ਆਧਾਰ ’ਤੇ ਕੈਮਰਿਆਂ ਦੀ ਮਦਦ ਨਾਲ ਲੋਕਾਂ ਦੇ ਈ-ਚਲਾਨ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਸਨ। ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ਵਿੱਚ ਟਰੈਫਿਕ ਪੁਲਿਸ ਨੇ ਹੁਣ ਤੱਕ 452 ਲੋਕਾਂ ਦੇ ਈ-ਚਾਲਾਨ ਕੀਤੇ ਹਨ।
ਟਰੈਫਿਕ ਵਿਭਾਗ ਦੇ ਏ.ਡੀ.ਜੀ.ਪੀ. ਐੱਸ ਰਾਏ ਨੇ ਸਪੱਸ਼ਟ ਕੀਤਾ ਹੈ ਕਿ 26 ਜਨਵਰੀ ਤੋਂ ਸੂਬੇ ਦੇ ਚਾਰ ਸ਼ਹਿਰਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ ਵਿੱਚ ਈ-ਚਲਾਨ ਸਕੀਮ ਪੂਰੇ ਜ਼ੋਰਾਂ ਨਾਲ ਸ਼ੁਰੂ ਕੀਤੀ ਜਾਵੇਗੀ। ਇਸ ਸਕੀਮ ਤਹਿਤ ਸਿਗਨਲ ਜੰਪਿੰਗ, ਸਟਾਪ ਲਾਈਨ ਦੀ ਉਲੰਘਣਾ ਕਰਨ ਅਤੇ ਬਿਨਾਂ ਹੈਲਮੇਟ ਤੋਂ ਗੱਡੀ ਚਲਾਉਣ ਵਾਲਿਆਂ ਵਿਰੁੱਧ ਕੈਮਰਿਆਂ ਦੀ ਮਦਦ ਨਾਲ ਈ-ਚਲਾਨ ਜਾਰੀ ਕੀਤਾ ਜਾਵੇਗਾ। ਈ-ਚਲਾਨ ਵਾਹਨ ਦੇ ਰਜਿਸਟਰਡ ਮਾਲਕ ਦੇ ਪਤੇ ‘ਤੇ ਪਹੁੰਚਾਇਆ ਜਾਵੇਗਾ, ਜਿਸ ਦਾ ਭੁਗਤਾਨ ਆਨਲਾਈਨ ਕਰਨਾ ਹੋਵੇਗਾ।