ਆਮ ਆਦਮੀ ਪਾਰਟੀ (ਆਪ) ਦੀ ਆਗੂ ਇੰਦਰਜੀਤ ਕੌਰ, ਜੋ ਵਾਰਡ ਨੰਬਰ 13 ਤੋਂ ਪਹਿਲੀ ਵਾਰ ਕੌਂਸਲਰ ਚੁਣੀ ਗਈ ਹੈ, ਨੂੰ ਸੋਮਵਾਰ ਯਾਨੀ ਅੱਜ 20 ਜਨਵਰੀ ਨੂੰ ਲੁਧਿਆਣਾ ਦੀ ਪਹਿਲੀ ਮਹਿਲਾ ਮੇਅਰ ਨਿਯੁਕਤ ਕੀਤਾ ਗਿਆ। ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਦੱਸ ਦਈਏ ਕਿ ਲੁਧਿਆਣਾ ਦੇ ਮੇਅਰ ਦਾ ਅਹੁਦਾ ਇਸ ਵਾਰ ਔਰਤਾਂ ਲਈ ਰਾਖਵਾਂ ਰੱਖਿਆ ਗਿਆ ਸੀ।
ਅਧਿਆਪਨ ਦੇ ਖੇਤਰ ਵਿੱਚ ਇੱਕ ਦਹਾਕੇ ਤੋਂ ਵੱਧ ਦੇ ਤਜਰਬੇ ਦੇ ਨਾਲ, ਇੰਦਰਜੀਤ ਕੌਰ ਇੱਕ ਨਿੱਜੀ ਸਕੂਲ ਵਿੱਚ ਪ੍ਰਿੰਸੀਪਲ ਹੈ। ਉਸ ਕੋਲ ਕਾਮਰਸ ਦੀ ਡਿਗਰੀ, ਐਮਬੀਏ ਅਤੇ ਬੀਐੱਡ ਹੈ। ਇਸ ਤੋਂ ਇਲਾਵਾ, ਉਹ ਲੁਧਿਆਣਾ ਜ਼ਿਲ੍ਹੇ ਲਈ ‘ਆਪ’ ਦੀ ਮਹਿਲਾ ਵਿੰਗ ਦੀ ਪ੍ਰਧਾਨ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਰਾਕੇਸ਼ ਪਰਾਸ਼ਰ ਨੂੰ ਲੁਧਿਆਣਾ ਦੇ ਸੀਨੀਅਰ ਡਿਪਟੀ ਮੇਅਰ ਅਤੇ ਪ੍ਰਿੰਸ ਜੌਹਰ ਨੂੰ ਡਿਪਟੀ ਮੇਅਰ ਵਜੋਂ ਵੀ ਐਲਾਨ ਕੀਤਾ। ਪੰਜ ਵਾਰ ਕੌਂਸਲਰ ਰਹੇ ਅਤੇ ਸਾਬਕਾ ਕਾਂਗਰਸੀ ਆਗੂ ਰਾਕੇਸ਼ ਪਰਾਸ਼ਰ, ਜੋ ਇਸ ਵਾਰ ‘ਆਪ’ ਦੀ ਟਿਕਟ ‘ਤੇ ਦੁਬਾਰਾ ਜਿੱਤੇ ਹਨ, ‘ਆਪ’ ਦੇ ਲੁਧਿਆਣਾ ਕੇਂਦਰੀ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਭਰਾ ਹਨ।
21 ਦਸੰਬਰ ਨੂੰ ਹੋਈਆਂ ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ, ‘ਆਪ’ ਨੇ 95 ਮੈਂਬਰੀ ਸਦਨ ਵਿੱਚ 41 ਸੀਟਾਂ ਜਿੱਤੀਆਂ, ਜੋ ਕਿ 48 ਦੇ ਬਹੁਮਤ ਦੇ ਅੰਕੜੇ ਤੋਂ ਸੱਤ ਘੱਟ ਸਨ। ਕਾਂਗਰਸ ਨੇ 30, ਭਾਜਪਾ ਨੇ 19, ਸ਼੍ਰੋਮਣੀ ਅਕਾਲੀ ਦਲ ਨੇ 2 ਅਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ ਜਿੱਤੀਆਂ।