ਪੰਜਾਬ ਵਿਚ ਮੁੜ ਤੋਂ ਪਾਣੀ ਵਾਲੀਆਂ ਬੱਸਾਂ ਚੱਲਣਗੀਆਂ। ਪੰਜਾਬ ਸਰਕਾਰ ਦੀ ਮੀਟਿੰਗ ‘ਚ ਇਸ ਨੂੰ ਹਰੀ ਝੰਡੀ ਮਿਲੀ ਹੈ। ਆਮ ਆਦਮੀ ਪਾਰਟੀ ਜਲਦ ਹੀ ਰਣਜੀਤ ਸਾਗਰ ਡੈਮ ਵਿਚ ਪਾਣੀ ਵਾਲੀ ਬੱਸ ਚਲਾਏਗੀ ਤੇ ਇਸ ਸਬੰਧੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪੰਜਾਬ ਦੀ ਰਣਜੀਤ ਸਾਗਰ ਝੀਲ ਵਿਚ ਛੇਤੀ ਹੀ ਵਿਦੇਸ਼ਾਂ ਦੀ ਤਰਜ਼ ‘ਤੇ ਪਾਣੀ ਵਾਲੀਆਂ ਬੱਸਾਂ ਚੱਲਦਿਆਂ ਦਿਖਾਈ ਦੇਣਗੀਆਂ। ਪੰਜਾਬ ਸਰਕਾਰ ਨੇ ਲਗਭਗ ਅੱਠ ਸਾਲਾਂ ਬਾਅਦ ਦੁਬਾਰਾ ਬੱਸਾਂ ਚਲਾਉਣ ਦੀ ਰਣਨੀਤੀ ਬਣਾਈ ਹੈ। ਬਸਾਂ ਲਈ ਫਿਟਨੈਸ ਸਰਟੀਫ਼ਿਕੇਟ ਪ੍ਰਾਪਤ ਕਰਨ ਦੀ ਪ੍ਰਕਿਰਿਆ ਜਾਰੀ ਹੈ। ਇਸ ਪਿੱਛੇ ਕੋਸ਼ਿਸ਼ ਪੰਜਾਬ ਵਿਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨਾ ਅਤੇ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ ਕਿਉਂਕਿ ਜਦੋਂ ਇਹ ਬਸਾਂ ਸ਼ੁਰੂ ਕੀਤੀਆਂ ਗਈਆਂ ਸਨ, ਤਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਹ ਦੇਸ਼ ਵਿਚ ਇਕ ਤਰ੍ਹਾਂ ਦਾ ਨਵਾਂ ਪ੍ਰਾਜੈਕਟ ਹੈ।
ਹਾਲ ਹੀ ਵਿਚ ਮੁੱਖ ਮੰਤਰੀ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਮੀਟਿੰਗ ਹੋਈ ਜਿਸ ਵਿਚ ਸੈਰ-ਸਪਾਟਾ, ਆਵਾਜਾਈ ਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ ਹੀ ਪਾਣੀ ਵਾਲੀ ਬੱਸ ਚਲਾਉਣ ਦੀ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੈਰ-ਸਪਾਟਾ ਵਿਭਾਗ ਦੇ ਪਾਣੀ ਵਾਲੀ ਬੱਸ ਦਾ ਨਿਰੀਖਣ ਕਰਵਾਇਆ ਤੇ ਟਰਾਂਸਪੋਰਟ ਵਿਭਾਗ ਨੇ ਇਸ ਦੀ ਮੁਰੰਮਤ ਦੇ ਬਾਅਦ ਇਸ ਨੂੰ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ।