ਅੰਮ੍ਰਿਤਸਰ: ਪੰਜਾਬ ਨੂੰ ਡਰਾਉਣ ਅਤੇ ਦਹਿਲਾਉਣ ਦੀ ਮੁੜ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੀ ਗੁੰਮਟਾਲਾ ਪੁਲਿਸ ਚੌਕੀ ਧਮਾਕੇ ਦੀ ਆਵਾਜ਼ ਨਾਲ ਦਹਿਲ ਗਈ। ਇਸ ਧਮਾਕੇ ਦੀ ਆਵਾਜ਼ ਵੀਰਵਾਰ ਰਾਤ ਲਗਭਗ 8 ਵਜੇ ਸੁਣਾਈ ਦਿੱਤੀ। ਹੁਣ ਇੱਕ ਵਾਰ ਮੁੜ ਤੋਂ ਇਸ ਧਮਾਕੇ ਨੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਲਿਸ ਚੌਂਕੀਆਂ ‘ਤੇ ਹੋ ਰਹੇ ਧਮਾਕਿਆਂ ਕਾਰਨ ਹੀ ਥਾਣਿਆਂ ਦੇ ਬਾਹਰ ਗੁੰਮਟੀਆਂ ਬਣਾਈਆਂ ਗਈਆਂ ਸਨ।
ਦੱਸ ਦੇਈਏ ਕਿ ਅੰਮ੍ਰਿਤਸਰ ਦੀ ਗੁੰਮਟਾਲਾ ਚੌਕੀ ‘ਤੇ ਰਾਤ ਲਗਭਗ 8 ਵਜੇ ਇਹ ਘਟਨਾ ਵਾਪਰੀ। ਏਸੀਪੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਚੌਕੀ ਵਿਚ ਸਾਰੇ ਲੋਕ ਆਪਣਾ ਕੰਮ ਕਰ ਰਹੇ ਸਨ, ਏਐੱਸਆਈ ਹਰਜਿੰਦਰ ਸਿੰਘ ਵੀ ਚੌਕੀ ਅੰਦਰ ਬੈਠ ਕੇ ਕੰਮ ਕਰ ਰਹੇ ਸਨ ਉਦੋਂ ਲਗਭਗ 8 ਵਜੇ ਮੌਕੇ ਤੋਂ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਸਾਰੇ ਲੋਕ ਬਾਹਰ ਆਏ ਤਾਂ ਦੇਖਿਆ ਕਿ ਏਐੱਸਆਈ ਤਜਿੰਦਰ ਸਿੰਘ ਦੀ ਕਾਰ ਦੇ ਹੇਠਾਂ ਧਮਾਕਾ ਹੋਇਆ ਹੈ। ਜਾਂਚ ਵਿਚ ਪਤਾ ਲੱਗਾ ਕਿ ਕਾਰ ਦਾ ਰੇਡੀਏਟਰ ਫਟਿਆ ਹੋਇਆ ਸੀ। ਉਨ੍ਹਾਂ ਦੇ ਰੇਡੀਏਟਰ ਤੋਂ ਕੁਲੇਂਟ ਵੀ ਲੀਕ ਹੋ ਗਿਆ ਸੀ ਤੇ ਕਾਰ ਦਾ ਅਗਲਾ ਸ਼ੀਸ਼ਾ ਵੀ ਟੁੱਟਾ ਹੋਇਆ ਸੀ।
ਇਸ ਤੋਂ ਪਹਿਲਾਂ ਇਹ ਧਮਾਕਿਆਂ ਦਾ ਸਿਲਸਿਲਾ 24 ਨਵੰਬਰ ਤੋਂ ਸ਼ੁਰੂ ਹੋਇਆ ਸੀ। ਹੁਣ ਤੱਕ ਪੰਜਾਬ ‘ਚ 26 ਦਿਨਾਂ ‘ਚ ਇਹ 7ਵਾਂ ਹਮਲਾ ਹੈ, ਜਿਸ ‘ਚ ਅੱਤਵਾਦੀ ਸੰਗਠਨ 6 ਧਮਾਕੇ ਕਰਨ ‘ਚ ਸਫਲ ਰਹੇ ਹਨ, ਜਦਕਿ ਪੁਲਸ ਨੂੰ 1 ਬੰਬ ਬਰਾਮਦ ਕਰਨ ‘ਚ ਸਫਲਤਾ ਮਿਲੀ ਹੈ, ਜਿਸ ਨੂੰ ਥਾਣਾ ਅਜਨਾਲਾ ਤੋਂ ਬਰਾਮਦ ਕੀਤਾ ਗਿਆ ਹੈ।