ਲੁਧਿਆਣਾ ਵਿਚ ਡਾਕਖਾਨੇ ਵਿਚ ਕੰਮ ਕਰਦੇ ਇਕ ਵਿਅਕਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਚੰਡੀਗੜ੍ਹ ਰੋਡ ‘ਤੇ ਇਕ ਤੇਜ਼ ਰਫਤਾਰ ਮਿੰਨੀ ਬੱਸ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਦਾ ਨਾਮ ਜਸਦੇਵ ਸਿੰਘ ਹੈ। ਉਹ ਘਰ ਤੋਂ ਕੰਮ ‘ਤੇ ਜਾ ਰਿਹਾ ਸੀ। ਬੱਸ ਚਾਲਕ ਘਟਨਾ ਵਾਲੀ ਥਾਂ ‘ਤੇ ਬੱਸ ਛੱਡ ਕੇ ਫਰਾਰ ਹੋ ਗਿਆ।
ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸਦੇਵ ਸਿੰਘ ਦੇ ਪੁੱਤਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਆਪਣੀ ਐਕਟਿਵਾ ‘ਤੇ ਡਿਊਟੀ ਲਈ ਜੇ.ਆਰ.ਐੱਸ.ਐੱਸ ਪੋਸਟ ਆਫਿਸ ਪਿੰਡ ਸੁਨੈਤ ਜਾ ਰਹੇ ਸਨ। ਸਿਮਰਨਜੀਤ ਅਨੁਸਾਰ ਉਹ ਆਪਣੇ ਪਿਤਾ ਦੇ ਪਿੱਛੇ ਬਾਈਕ ‘ਤੇ ਆ ਰਿਹਾ ਸੀ। ਜਿਵੇਂ ਹੀ ਉਹ ਚੰਡੀਗੜ੍ਹ ਰੋਡ ’ਤੇ ਗਰੇਵਾਲ ਪੰਪ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਪਿੱਛੇ ਤੋਂ ਇੱਕ ਲਾਲ ਰੰਗ ਦੀ ਮਿੰਨੀ ਬੱਸ ਨੰਬਰ ਪੀਬੀ 10ਡੀਈ-2719 ਆ ਗਈ।
ਬੱਸ ਚਾਲਕ ਗੁਰਦੇਵ ਸਿੰਘ ਨੇ ਆਪਣੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਕਾਰਨ ਪਿਤਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੇ ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਸਿਰ ‘ਤੇ ਅੰਦਰੂਨੀ ਸੱਟ ਲੱਗਣ ਕਾਰਨ ਮੌਤ ਹੋਈ ਹੈ। ਮੌਤ ਦੇ ਅਸਲ ਕਾਰਨਾਂ ਦਾ ਬਾਕੀ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ।