Friday, January 31, 2025
spot_img

ਵਿਧਾਨ ਸਭਾ ਵਾਲੇ ਨਤੀਜੇ ਲੋਕ ਸਭਾ ਤੋਂ ਬਾਅਦ ਨਗਰ ਨਿਗਮ ‘ਚ ਵੀ ਪ੍ਰਾਪਤ ਨਹੀਂ ਕਰ ਸਕੀ ‘ਆਪ’

Must read

ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਸੰਤੋਖਜਨਕ ਨਹੀਂ ਰਿਹਾ। ਨਗਰ ਨਿਗਮ ਵਿੱਚ ਮੇਅਰ ਬਣਾਉਣ ਲਈ ਵੀ ਸਤਾ ਧਿਰ ‘ਆਪ’ ਨੂੰ ਪੂਰਨ ਬਹੁਮਤ ਪ੍ਰਾਪਤ ਨਹੀਂ ਹੋ ਸਕਿਆ। ਜਿਸਦੇ ਚੱਲਦੇ ਲੁਧਿਆਣਾ ਦੇ ‘ਆਪ’ ਵਿਧਾਇਕਾਂ ਦੇ ਪ੍ਰਦਰਸ਼ਨ ਤੋਂ ਕੇਂਦਰੀ ਆਗੂ ਨਾਰਾਜ਼ ਹਨ। ਬੀਤੇ ਦਿਨੀਂ ਦਿੱਲੀ ਵਿਖੇ ਬੁਲਾਈ ਗਈ ‘ਆਪ’ ਵਿਧਾਇਕਾਂ ਦੀ ਮੀਟਿੰਗ ਵਿੱਚ ਜਿਨ੍ਹਾਂ ਸ਼ਹਿਰਾਂ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਈਆਂ, ਉਨ੍ਹਾਂ ਦੇ ਵਿਧਾਇਕਾਂ ਦੀ ਡਿਊਟੀ ਪਾਰਟੀ ਦਾ ਮੇਅਰ ਬਣਾਉਣ ਲਈ ਲਗਾਈ ਹੋਣ ਦੇ ਚੱਲਦੇ ਨਹੀਂ ਬੁਲਾਇਆ ਗਿਆ ਸੀ। ਸੂਤਰਾਂ ਮੁਤਾਬਕ ਪਾਰਟੀ ਦੇ ਵੱਡੇ ਲੀਡਰ ਲੋਕ ਸਭਾ ਚੋਣਾਂ ਤੋਂ ਬਾਅਦ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਦੇ ਪ੍ਰਦਰਸ਼ਨ ਨੂੰ ਜ਼ਿਆਦਾ ਵਧੀਆ ਨਹੀਂ ਮੰਨ ਰਹੇ ਹਨ।

ਸ਼ਹਿਰ ਦੀਆਂ 7 ਸੀਟਾਂ ਤੇ ਕਬਜ਼ਾ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦਾ ਨਗਰ ਨਿਗਮ ਵਿੱਚ ਮੇਅਰ ਬਣਾਉਣ ਲਈ ਗੱਠਜੋੜ ਦੀ ਨੀਤੀ ਅਪਣਾਉਣੀ ਪੈ ਰਹੀ ਹੈ। ਜਿਸਦਾ ਅਸਰ ਅਗਲੇ ਸਾਲ ਦਿੱਲੀ ‘ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ‘ਤੇ ਵੀ ਪੈ ਸਕਦਾ ਹੈ। ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੀਆਂ 21 ਦਸੰਬਰ ਨੂੰ ਸੰਪਨ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਵਰਗੇ ਨਤੀਜੇ ਨਹੀਂ ਲਿਆ ਸਕੀ, ਜਦੋਂ ਕਿ ਸ਼ਹਿਰ ਦੇ 7 ਹਲਕਿਆਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵੀ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਆਪ ਸਿਰਫ਼ ਦੋ ਹਲਕਿਆਂ ਵਿੱਚ ਹੀ ਬਿਹਤਰ ਪ੍ਰਦਰਸ਼ਨ ਕਰ ਸਕੀ। ਬੇਸ਼ੱਕ ਲੋਕ ਸਭਾ ਚੋਣਾਂ ਦੌਰਾਨ ਆਏ ਨਤੀਜਿਆਂ ਤੋਂ ਬਾਅਦ ‘ਆਪ’ ਦੇ ਵਿਧਾਇਕਾਂ ਵੱਲੋਂ ਜਨ ਸੰਪਰਕ ਤਾਂ ਤੇਜ਼ ਕੀਤਾ ਗਿਆ ਸੀ, ਪਰ ਇਸਦੇ ਬਾਵਜੂਦ ਲੋਕ ਸਭਾ ਚੋਣਾਂ ਦੀ ਤਰ੍ਹਾਂ ਹੀ ਨਗਰ ਨਿਗਮ ਚੋਣਾਂ ਵਿੱਚ ਵੀ ਲੁਧਿਆਣਾ ਦੇ 54 ਵਾਰਡਾਂ ਦੇ ਨਿਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਨਕਾਰ ਦਿੱਤਾ।

ਜੇਕਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਤੀਜੇ ਨੰਬਰ ਤੇ ਰਹੇ ਅਤੇ ਉਨ੍ਹਾਂ ਨੂੰ 28 ਹਜ਼ਾਰ 96 ਵੋਟਾਂ ਪ੍ਰਾਪਤ ਹੋਈਆਂ ਸਨ, ਜਦੋਂ ਕਿ ਇਸ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ 50 ਹਜ਼ਾਰ 833 ਅਤੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 41 ਹਜ਼ਾਰ 296 ਵੋਟਾਂ ਪ੍ਰਾਪਤ ਹੋਈਆਂ ਸਨ। ਇਸੇ ਤਰ੍ਹਾਂ ਦੇ ਨਤੀਜੇ ਵਿਧਾਨ ਸਭਾ ਹਲਕਾ ਦੱਖਣੀ ਦੇ ਵੀ ਰਹੇ, ਜਿੱਥੇ ਆਪ ਦੇ ਉਮੀਦਵਾਰ ਤੀਜੇ ਨੰਬਰ ਤੇ ਰਹੇ, ਹਲਕਾ ਦੱਖਣੀ ਤੋਂ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਨੂੰ 37 ਹਜ਼ਾਰ 378, ਦੂਜੇ ਨੰਬਰ ਤੇ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 32 ਹਜ਼ਾਰ 982 ਤੇ ਆਪ ਦੇ ਅਸ਼ੋਕ ਪਰਾਸ਼ਰ ਪੱਪੀ ਨੂੰ 19 ਹਜ਼ਾਰ 289 ਵੋਟਾਂ ਪਈਆਂ ਸਨ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਆਤਮ ਨਗਰ ਵਿੱਚ ਆਪ 25 ਹਜ਼ਾਰ 600 ਵੋਟਾਂ ਲੈ ਕੇ ਦੂਜੇ ਨੰਬਰ ਤੇ ਰਹੀ, ਇਸ ਹਲਕੇ ਤੋਂ ਕਾਂਗਰਸ ਨੂੰ 30 ਹਜ਼ਾਰ 696 ਵੋਟਾਂ ਲੈ ਕੇ ਪਹਿਲੇ ਨੰਬਰ ਤੇ ਜਦ ਕਿ ਭਾਜਪਾ ਇਸ ਹਲਕੇ ਤੋਂ 22 ਹਜ਼ਾਰ 753 ਵੋਟਾਂ ਨਾਲ ਤੀਜੇ ਨੰਬਰ ਤੇ ਰਹੀ। ਜੇਕਰ ਆਪ ਉਮੀਦਵਾਰ ਦੇ ਹਲਕੇ ਕੇਂਦਰੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਆਪ ਦਾ ਉਮੀਦਵਾਰ 20 ਹਜ਼ਾਰ 39 ਵੋਟਾਂ ਲੈ ਕੇ ਤੀਜੇ ਨੰਬਰ ਤੇ ਰਿਹਾ। ਜਦੋਂ ਕਿ ਭਾਜਪਾ ਨੂੰ 41 ਹਜ਼ਾਰ 450 ਵੋਟਾਂ ਤੇ ਕਾਂਗਰਸ ਨੂੰ 24 ਹਜ਼ਾਰ 155 ਵੋਟਾਂ ਮਿਲੀਆਂ। ਹਲਕਾ ਪੱਛਮੀ ਵਿੱਚ ਵੀ ਆਪ ਦਾ ਉਮੀਦਵਾਰ 22 ਹਜ਼ਾਰ 461 ਵੋਟਾਂ ਨਾਲ ਤੀਜੇ ਨੰਬਰ ਤੇ ਰਿਹਾ, ਇਸ ਹਲਕੇ ਵਿੱਚ ਭਾਜਪਾ ਨੂੰ 45 ਹਜ਼ਾਰ 424 ਅਤੇ ਦੂਜੇ ਨੰਬਰ ਤੇ ਰਹੇ ਕਾਂਗਰਸ ਦੇ ਉਮੀਦਵਾਰ ਨੂੰ 30 ਹਜ਼ਾਰ 889 ਵੋਟਾਂ ਮਿਲੀਆਂ।

ਲੁਧਿਆਣਾ ਉਤਰੀ ਵਿੱਚ ਵੀ ਆਪ ਦਾ ਉਮੀਦਵਾਰ 25 ਹਜ਼ਾਰ 127 ਵੋਟਾਂ ਲੈ ਕੇ ਤੀਜੇ ਨੰਬਰ ਤੇ ਹੀ ਰਿਹਾ, ਇਸ ਹਲਕੇ ਤੋਂ ਵੀ ਭਾਜਪਾ 53 ਹਜ਼ਾਰ 725 ਵੋਟਾਂ ਨਾਲ ਪਹਿਲੇ ਨੰਬਰ ਅਤੇ ਕਾਂਗਰਸ 31 ਹਜ਼ਾਰ 415 ਨਾਲ ਦੂਜੇ ਨੰਬਰ ਤੇ ਰਹੀ। ਇਨ੍ਹਾਂ ਨਤੀਜਿਆਂ ਦੇ ਕਰੀਬ ਛੇ ਮਹੀਨਿਆਂ ਬਾਅਦ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਆਪਣੇ ਪ੍ਰਦਰਸ਼ਨ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਕਰ ਸਕੀ। ਜਿਸਦੇ ਚੱਲਦੇ ਪਾਰਟੀ ਨੇ 7 ਸ਼ਹਿਰੀ ਹਲਕਿਆਂ ਵਿੱਚੋਂ ਸਿਰਫ਼ 2 ਹਲਕਿਆਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ। ਜਦੋਂ ਕਿ ਲੋਕ ਸਭਾ ਚੋਣਾਂ ਦੀ ਤਰ੍ਹਾਂ ਹੀ ਨਗਰ ਨਿਗਮ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ 11 ਵਾਰਡਾਂ ਵਿੱਚੋਂ ਸਿਰਫ਼ 2 ਵਾਰਡ ਹੀ ਜਿਤਾ ਸਕੀ ਹੈ। ਜੇਕਰ ਵਿਧਾਨ ਸਭਾ ਹਲਕਾ ਉਤਰੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਪ ਦਾ ਪ੍ਰਦਰਸ਼ਨ ਵਧੀਆ ਰਿਹਾ, 16 ਵਾਰਡਾਂ ਵਾਲੇ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਹਿੱਸੇ 11 ਸੀਟਾਂ, ਭਾਜਪਾ 2, ਕਾਂਗਰਸ 2 ਤੇ ਇੱਕ ਆਜ਼ਾਦ ਉਮੀਦਵਾਰ ਜੇਤੂ ਰਹੇ। 12 ਵਾਰਡਾਂ ਵਾਲੇ ਵਿਧਾਨ ਸਭਾ ਹਲਕਾ ਆਤਮ ਨਗਰ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ 6 ਸੀਟਾਂ, ਕਾਂਗਰਸ 5 ਤੇ ਸ਼ੋ੍ਮਣੀ ਅਕਾਲੀ ਦਲ ਦੇ ਹਿੱਸੇ 1 ਸੀਟ ਆਈ ਹੈ। ਸ਼ਹਿਰ ਦੇ ਸਭ ਤੋਂ ਵੱਧ 19 ਵਾਰਡਾਂ ਵਾਲੇ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਵੀ ਪਾਰਟੀ ਨੂੰ ਸਿਰਫ਼ 8 ਸੀਟਾਂ ਹੀ ਪ੍ਰਾਪਤ ਹੋਈਆਂ, ਜਿੱਥੇ ਕਾਂਗਰਸ ਦੇ ਹਿੱਸੇ 6, ਭਾਜਪਾ 3, ਅਕਾਲੀ ਦਲ 1 ਤੇ ਇੱਕ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ। ਭਾਵੇੇਂ ਹੁਣ ਪਾਰਟੀ ਨੇ ਅਕਾਲੀ ਦਲ ਅਤੇ ਆਜ਼ਾਦ ਜੇਤੂ ਨੂੰ ਆਪ ਵਿੱਚ ਸ਼ਾਮਿਲ ਕਰ ਲਿਆ ਹੈ, ਪਰ ਇਸ ਹਲਕੇ ਦੇ ਨਤੀਜੇ ਵੀ ਪਾਰਟੀ ਦੀ ਹਾਈਕਮਾਨ ਦੀ ਸੋਚ ਮੁਤਾਬਕ ਨਹੀਂ ਰਹੇ।

17 ਵਾਰਡਾਂ ਵਾਲੇ ਵਿਧਾਨ ਸਭਾ ਹਲਕਾ ਪੱਛਮੀ ਵਿੱਚ ਪਾਰਟੀ ਦਾ ਪ੍ਰਦਰਸ਼ਨ ਠੀਕ ਰਿਹਾ, ਇਸ ਹਲਕੇ ਵਿੱਚੋਂ ਆਪ ਨੇ 10, ਕਾਂਗਰਸ 5 ਅਤੇ ਭਾਜਪਾ ਨੇ 2 ਸੀਟਾਂ ਜਿੱਤੀਆਂ, ਪਰ ਇਸ ਹਲਕੇ ਦੇ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਪਤਨੀ ਡਾ: ਸੁਖਚੈਨ ਕੌਰ ਬੱਸੀ ਚੋਣ ਹਾਰ ਗਏ। 15 ਵਾਰਡਾਂ ਵਾਲੇ ਵਿਧਾਨ ਸਭਾ ਹਲਕਾ ਕੇਂਦਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਪਾਰਟੀ ਨੂੰ ਸਿਰ਼ 4 ਸੀਟਾਂ ਹੀ ਪਾਪਤ ਹੋਈਆਂ, ਜਦੋਂ ਕਿ ਭਾਜਪਾ ਤੇ ਕਾਂਗਰਸ ਨੇ 5, 5 ਅਤੇ ਇੱਕ ਸੀਟ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ। ਇਸੇ ਤਰ੍ਹਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਹਲਕੇ ਵਿੱਚ ਪੈਂਦੇ ਸ਼ਹਿਰ ਦੇ 5 ਵਾਰਡਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੂੰ ਸਿਰਫ਼ 1 ਸੀਟ ਤੇ ਹੀ ਸੰਤੋਸ਼ ਕਰਨਾ ਪਿਆ, ਜਦੋਂ ਕਿ ਇਸ ਹਲਕੇ ਵਿੱਚ ਦੋ ਵਾਰਡ ਕਾਂਗਰਸ ਅਤੇ ਦੋ ਹੀ ਭਾਜਪਾ ਨੇ ਜਿੱਤੇ। ਪਿਛਲੇ ਦਿਨੀਂ ਨਗਰ ਨਿਗਮ ਲੁਧਿਆਣਾ ਦੇ 95 ਵਾਰਡਾਂ ਦੇ ਆਏ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿੱਚੋਂ 41 ਵਾਰਡਾਂ ਵਿੱਚ ਆਮ ਆਦਮੀ ਪਾਰਟੀ, 30 ਵਾਰਡ ਕਾਂਗਰਸ, 19 ਵਾਰਡ ਭਾਜਪਾ, ਦੋ ਵਾਰਡ ਸ਼ੋ੍ਮਣੀ ਅਕਾਲੀ ਦਲ ਅਤੇ ਤਿੰਨ ਵਾਰਡਾਂ ਤੋਂ ਆਜ਼ਾਦ ਉਮੀਦਵਾਰ ਜੇਤੂ ਰਹੇ ਸਨ। ਜਿਨ੍ਹਾਂ ਵਿੱਚੋਂ ਇੱਕ ਜੇਤੂ ਆਜ਼ਾਦ ਅਤੇ ਇੱਕ ਸ਼ੋ੍ਮਣੀ ਅਕਾਲੀ ਦਲ ਦਾ ਜੇਤੂ ਉਮੀਦਵਾਰ ਆਪ ਵਿੱਚ ਸ਼ਾਮਿਲ ਹੋ ਚੁੱਕੇ ਹਨ, ਜਿਸ ਨਾਲ ਆਪ ਦਾ ਆਂਕੜਾ 43 ਹੋਇਆ ਹੈ, ਪਰ ਅਜੇ ਵੀ ਆਮ ਆਦਮੀ ਪਾਰਟੀ ਨੂੰ ਨਗਰ ਨਿਗਮ ਹਾਊਸ ਵਿੱਚ ਬਹੁਮਤ ਸਾਬਤ ਕਰਨ ਲਈ ਜੋੜ ਤੋੜ ਕਰਨਾ ਪੈ ਰਿਹਾ ਹੈ, ਜਿੰਨਾ ਜ਼ੋਰ ਆਪ ਦੇ ਵਿਧਾਇਕਾਂ ਵੱਲੋਂ ਜੋੜ ਤੋੜ ਤੇ ਲਗਾਇਆ ਜਾ ਰਿਹਾ ਹੈ, ਜੇਕਰ ਇਹੀ ਜ਼ੋਰ ਚੋਣਾਂ ਵਿੱਚ ਲਗਾਇਆ ਹੁੰਦਾ ਤਾਂ ਸ਼ਾਇਦ ਨਤੀਜੇ ਕੁਝ ਹੋਰ ਹੁੰਦੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article