ਪੰਜਾਬ ਦੇ ਲੁਧਿਆਣਾ ਵਿੱਚ ਅੱਜ ਮੁੱਲਾਂਪੁਰ ਕਸਬੇ ਵਿੱਚ ਕੁਝ ਲੋਕਾਂ ਨੇ ਐਚਐਮਟੀ ਕੰਪਨੀ ਦੀ ਬੱਸ ਨੂੰ ਘੇਰ ਲਿਆ। ਉਨ੍ਹਾਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਕੁੱਟਮਾਰ ਕੀਤੀ। ਬੱਸ ‘ਤੇ ਹਮਲਾ ਕਰਨ ਵਾਲੇ ਨੌਜਵਾਨ ਕੰਡਕਟਰ ਅਤੇ ਡਰਾਈਵਰ ਨੂੰ ਰੋਕ ਕੇ ਆਪਣੇ ਨਾਲ ਲੈ ਗਏ। ਪਤਾ ਲੱਗਾ ਹੈ ਕਿ ਇਹ ਝਗੜਾ ਚਾਂਦੀ ਦੀ ਗਲਤ ਥਾਂ ‘ਤੇ ਡਿਲੀਵਰੀ ਹੋਣ ਕਾਰਨ ਹੋਇਆ ਹੈ।
ਹਮਲਾਵਰਾਂ ਨੇ ਮੁੱਲਾਂਪੁਰ ਥਾਣੇ ਤੋਂ ਕਰੀਬ 100 ਮੀਟਰ ਦੀ ਦੂਰੀ ‘ਤੇ ਬੱਸ ਖੜ੍ਹੀ ਕਰ ਦਿੱਤੀ। ਬੱਸ ਵਿੱਚ ਬੈਠੀਆਂ ਸਵਾਰੀਆਂ ਵੀ ਸੜਕ ਦੇ ਵਿਚਕਾਰ ਹੀ ਹੇਠਾਂ ਉਤਰ ਗਈਆਂ। ਬੱਸ ਡਰਾਈਵਰ ਅਨੁਸਾਰ ਹਮਲਾਵਰਾਂ ਨੇ ਬਿਨਾਂ ਕਿਸੇ ਕਾਰਨ ਉਨ੍ਹਾਂ ਦੀ ਕੁੱਟਮਾਰ ਕੀਤੀ। ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ।
ਜਾਣਕਾਰੀ ਦਿੰਦਿਆਂ ਡਰਾਈਵਰ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ 7.33 ਵਜੇ ਜਲੰਧਰ ਤੋਂ ਬਠਿੰਡਾ ਲਈ ਰਵਾਨਾ ਹੋਏ ਸਨ, ਜਦੋਂ ਉਹ ਕਰੀਬ 10.45 ਵਜੇ ਮੁੱਲਾਂਪੁਰ ਮੇਨ ਚੌਕ ਕੋਲ ਪਹੁੰਚੇ ਤਾਂ ਉਥੇ ਖੜ੍ਹੇ ਕਰੀਬ 20-25 ਨੌਜਵਾਨਾਂ ਨੇ ਬੱਸ ਨੂੰ ਘੇਰ ਲਿਆ। ਉਨ੍ਹਾਂ ਪਹਿਲਾਂ ਬੱਸ ਦੇ ਹੈਲਪਰ ਪ੍ਰਦੀਪ ਸਿੰਘ ਵਾਸੀ ਪਿੰਡ ਸੰਘੇੜਾ ਦੀ ਕੁੱਟਮਾਰ ਕੀਤੀ। ਸਵਾਰੀਆਂ ਨੂੰ ਹੇਠਾਂ ਉਤਾਰਨ ਤੋਂ ਬਾਅਦ ਉਨ੍ਹਾਂ ਨੇ ਕੰਡਕਟਰ ਦੀ ਕੁੱਟਮਾਰ ਕੀਤੀ। ਡਰਾਈਵਰ ਗੁਰਜੀਤ ਅਨੁਸਾਰ ਹਮਲਾਵਰ ਖੁਦ ਹੀ ਬੱਸ ਭਜਾ ਕੇ ਲੈ ਗਏ। ਉਨ੍ਹਾਂ ਨੇ ਉਸ ਦੀ ਅਤੇ ਕੰਡਕਟਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਗੁਰਜੀਤ ਅਨੁਸਾਰ ਉਸ ਦਾ ਮੋਬਾਈਲ ਵੀ ਉਨ੍ਹਾਂ ਕੋਲ ਹੈ।
ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਪਤਾ ਲੱਗਾ ਹੈ ਕਿ ਹਮਲਾ ਕਰਨ ਵਾਲੇ ਨੌਜਵਾਨ ਮੁੱਲਾਂਪੁਰ ਦੇ ਹੀ ਰਹਿਣ ਵਾਲੇ ਹਨ। ਇੱਕ ਜੌਹਰੀ ਤੋਂ ਚਾਂਦੀ ਨੂੰ ਬੱਸ ਡਰਾਈਵਰ ਬੰਠਿਡਾ ਲੈ ਜਾਂਦਾ ਹੈ। ਡਰਾਈਵਰ ‘ਤੇ ਚਾਂਦੀ ਬਠਿੰਡੇ ਪਹੁੰਚਾਉਣ ਦੀ ਬਜਾਏ ਰਾਏਕੋਟ ਪਹੁੰਚਾਉਣ ਦਾ ਦੋਸ਼ ਹੈ। ਬਾਕੀ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।