ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਲੁਧਿਆਣਾ ਪੁੱਜੇ। ਮਜੀਠੀਆ ਨੇ ਅਕਾਲੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਵੀ ਕੀਤਾ। ਉਨ੍ਹਾਂ ਲੋਕਾਂ ਨੂੰ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਥਾਣਿਆਂ ਅਤੇ ਚੌਕੀਆਂ ਵਿੱਚ ਲਗਾਤਾਰ 7 ਤੋਂ 8 ਧਮਾਕੇ ਹੋ ਚੁੱਕੇ ਹਨ। ਧਮਾਕੇ ਤੋਂ ਬਾਅਦ ਪੁਲਿਸ ਨੇ ਧਮਾਕੇ ਦੀ ਆਵਾਜ਼ ਨੂੰ ਟਾਇਰ ਫਟਣ ਦੀ ਆਵਾਜ਼ ਕਹਿ ਦਿੱਤਾ।
ਅੱਜ ਪੁਲਿਸ ਅਧਿਕਾਰੀ ਆਪਣੇ ਅਹੁਦੇ ਬਚਾਉਣ ਲਈ ਸਰਾਸਰ ਝੂਠ ਬੋਲਣ ‘ਤੇ ਤੁਲੇ ਹੋਏ ਹਨ। ਮਜੀਠੀਆ ਨੇ ਕਿਹਾ ਕਿ ਜੇਕਰ ਕਿਤੇ ਟਾਇਰ ਫਟਦਾ ਹੈ ਤਾਂ ਡੀਜੀਪੀ ਖੁਦ ਜਾਂਚ ਕਰਨ ਕਿਉਂ ਜਾਂਦੇ ਹਨ, ਇਹ ਵੱਡਾ ਸਵਾਲ ਹੈ। ਮਜੀਠੀਆ ਨੇ ਕਿਹਾ ਕਿ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਰਾਤ 12 ਵਜੇ ਪੁਲਿਸ ਮੁਲਾਜ਼ਮ ਕਿਹੜੇ ਟਾਇਰਾਂ ਵਿੱਚ ਹਵਾ ਭਰਦੇ ਹਨ।
ਉਨ੍ਹਾਂ ਕਿਹਾ ਕਿ ਹੁਣ ਮੈਨੂੰ ਡਰ ਹੈ ਕਿ ਸ਼ਾਇਦ ਕੁਝ ਪੁਲਿਸ ਮੁਲਾਜ਼ਮ ਮੁੱਖ ਮੰਤਰੀ ਹਾਊਸ ਵਿੱਚ ਟਾਇਰ ਵਿੱਚ ਹਵਾ ਭਰ ਦੇਣ। ਜੇਕਰ ਅਜਿਹਾ ਹੁੰਦਾ ਹੈ ਤਾਂ ਸਰਕਾਰ ਲਈ ਜਵਾਬ ਦੇਣਾ ਮੁਸ਼ਕਲ ਹੋ ਜਾਵੇਗਾ। ਅੱਜ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ।