ਲੁਧਿਆਣਾ : ਲੁਧਿਆਣਾ ਸਿਵਲ ਹਸਪਤਾਲ ‘ਚ ਕਥਿਤ ਤੌਰ ‘ਤੇ ਕਾਗਜ਼ਾਂ ‘ਚ ਹੋਈ ਕਰੋੜਾਂ ਰੁਪਏ ਦੀ ਦਵਾਈਆਂ ਖ਼ਰੀਦ ਦੀ ਜਾਂਚ ਵਿਜੀਲੈਂਸ ਕੋਲ ਪਹੁੰਚ ਗਈ ਹੈ। ਦਵਾਈਆਂ ਦੀ ਖਰੀਦ ਦਾ ਘਪਲਾ ਲਗਭਗ 6 ਕਰੋੜ ਦੱਸਿਆ ਜਾ ਰਿਹਾ ਹੈ।
ਦੱਸ ਦਈਏ ਕਿ ਪਿਛਲੇ ਮਹੀਨੇ ਯਾਨੀ ਨਵੰਬਰ ‘ਚ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ ਸਨ। ਇਸ ਦੌਰਾਨ ਸਿਹਤ ਮੰਤਰੀ ਨੇ ਹਸਪਤਾਲ ਦੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਸੀ ਅਤੇ ਵੱਖ ਵੱਖ ਵਿਕਾਸ ਕਾਰਜਾਂ ਨੂੰ ਲੈ ਕੇ ਉਹਨਾਂ ਦੇ ਨਾਲ ਅਹਿਮ ਚਰਚਾ ਕੀਤੀ ਗਈ ਸੀ। ਇਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਜਨਵਰੀ 2025 ਤੱਕ ਲੁਧਿਆਣਾ ਦੇ ਸਿਵਲ ਹਸਪਤਾਲ ਨੂੰ ਆਧੁਨਿਕ ਬਣਾ ਦਿੱਤਾ ਜਾਵੇਗਾ। ਉਸ ਵਿੱਚ ਅਸੀਂ ਹੋਰ ਚੰਗੀਆਂ ਸਿਹਤ ਸੁਵਿਧਾਵਾਂ ਦੇਣ ਦੇ ਲਈ ਕੰਮ ਕਰ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਗੱਲਬਾਤ ਕਰਦਿਆਂ ਇਹ ਵੀ ਜਾਣਕਾਰੀ ਦਿੱਤੀ ਕਿ ਅਸੀਂ ਚਾਹੁੰਦੇ ਹਾਂ ਕਿ ਜੋ ਆਮ ਲੋਕ ਹਨ ਉਹਨਾਂ ਨੂੰ ਵੀ ਅਮੀਰਾਂ ਵਾਲੀ ਸੁਵਿਧਾਵਾਂ ਮਿਲ ਸਕਣ ਅਤੇ ਇਸੇ ਕਰਕੇ ਅਸੀਂ ਫੈਸਲਾ ਲਿਆ ਹੈ ਕਿ ਅਸੀਂ ਸਿਵਿਲ ਹਸਪਤਾਲਾਂ ਦੀ ਕਾਇਆ ਕਲਪ ਕਰਾਂਗੇ। ਉਹਨਾਂ ਕਿਹਾ ਕਿ ਬਾਕੀ ਜੋ ਦਵਾਈਆਂ ਦੇ ਮੁੱਦੇ ਹਨ ਤਾਂ ਜੋ ਵੀ ਮਾਮਲੇ ਚੱਲ ਰਹੇ ਹਨ ਉਹ ਸਾਰੇ ਉਹਨਾਂ ਦੇ ਧਿਆਨ ਹੇਠ ਹਨ। ਉਹਨਾਂ ਕਿਹਾ ਕਿ ਜਲਦ ਹੀ ਇਸ ਦਾ ਕੋਈ ਨਾ ਕੋਈ ਹੱਲ ਕਰ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਮਸਲਿਆਂ ‘ਤੇ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਸਮੇਂ-ਸਮੇਂ ‘ਤੇ ਗਰਾਂਟ ਸਿਵਲ ਹਸਪਤਾਲ ਨੂੰ ਭੇਜ ਰਹੇ ਹਾਂ ਅਤੇ ਸਾਰੇ ਕੰਮ ਜਲਦ ਪੂਰੇ ਕੀਤੇ ਜਾ ਰਹੇ ਹਨ।