ਪੰਜਾਬ ਮਹਿਲਾ ਕਮਿਸ਼ਨ ਦਾ ਸੰਮਨ ਮਿਲਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਚੰਡੀਗੜ੍ਹ ਪਹੁੰਚ ਗਏ ਹਨ। ਸ਼ਨੀਵਾਰ ਨੂੰ ਸ਼ੁਰੂ ਹੋਏ ਵਿਵਾਦ ਵਿੱਚ ਐਡਵੋਕੇਟ ਧਾਮੀ ਨੇ ਬੀਬੀ ਜਗੀਰ ਕੌਰ ਖਿਲਾਫ ਅਪਸ਼ਬਦ ਬੋਲੇ ਸਨ। ਮਾਮਲਾ ਮੀਡੀਆ ‘ਚ ਆਉਣ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਇਸ ਦਾ ਖੁਦ ਨੋਟਿਸ ਲਿਆ ਅਤੇ ਐਡਵੋਕੇਟ ਧਾਮੀ ਨੂੰ 17 ਦਸੰਬਰ ਤੱਕ ਜਵਾਬ ਦੇਣ ਦੇ ਹੁਕਮ ਜਾਰੀ ਕੀਤੇ ਸੀ।
ਇਸ ਦੌਰਾਨ ਐਡਵੋਕੇਟ ਧਾਮੀ ਨੇ ਮਹਿਲਾ ਕਮਿਸ਼ਨ ਨੂੰ ਆਪਣਾ ਜਵਾਬ ਸੌਂਪਦਿਆਂ ਦੱਸਿਆ ਕਿ ਉਨ੍ਹਾਂ ਤੋਂ ਗਲਤੀ ਹੋਈ ਹੈ ਅਤੇ ਉਹ ਇਸ ਲਈ ਮੁਆਫੀ ਮੰਗਦੇ ਹਨ। ਪਰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸਪੱਸ਼ਟ ਕੀਤਾ ਕਿ ਇਹ ਮਾਮਲਾ ਸਿਰਫ਼ ਮੁਆਫ਼ੀ ਮੰਗਣ ਨਾਲ ਖ਼ਤਮ ਨਹੀਂ ਹੋਵੇਗਾ। ਜੋ ਗੱਲਾਂ ਦਿਲ ਵਿੱਚ ਹੁੰਦੀਆਂ ਹਨ ਉਹ ਜਲਦੀ ਬਾਹਰ ਆ ਜਾਂਦੀਆਂ ਹਨ।
ਰਾਜ ਲਾਲੀ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ ਬੀਬੀ ਜਗੀਰ ਕੌਰ ਨਾਲ ਵੀ ਫ਼ੋਨ ‘ਤੇ ਗੱਲ ਕੀਤੀ ਹੈ। ਉਹ ਉਨ੍ਹਾਂ ਨੂੰ ਬੁਲਾ ਕੇ ਉਨ੍ਹਾਂ ਦਾ ਪੱਖ ਸੁਣੇਗੀ। ਇਸ ਤੋਂ ਬਾਅਦ ਕਾਰਵਾਈ ਨੂੰ ਅੱਗੇ ਵਧਾਇਆ ਜਾਵੇਗਾ।