ਹਰਿਮੰਦਰ ਸਾਹਿਬ ਦੇ ਬਾਹਰ ਸਜ਼ਾ ਕੱਟ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਦੇ ਦੋ ਦਿਨ ਦੇ ਰਿਮਾਂਡ ‘ਚ ਵਾਧਾ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਪੁਲਿਸ ਨੇ ਨਰਾਇਣ ਸਿੰਘ ਚੌੜਾ ਦਾ ਤਿੰਨ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਮੁੜ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ। ਪੁਲੀਸ ਨੇ ਪੰਜ ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ਼ ਦੋ ਦਿਨ ਦਾ ਰਿਮਾਂਡ ਮਨਜ਼ੂਰ ਕਰ ਲਿਆ।
ਨਰਾਇਣ ਸਿੰਘ ਚੌੜਾ ਦੇ ਵਕੀਲ ਨੇ ਕਿਹਾ ਕਿ 2 ਅਤੇ 4 ਦਸੰਬਰ ਦੀ ਸੀਸੀਟੀਵੀ ਫੁਟੇਜ ਅਜੇ ਤੱਕ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ। ਫੁਟੇਜ ਮੁਹੱਈਆ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਅਪੀਲ ਕੀਤੀ ਗਈ ਹੈ। ਵਕੀਲ ਦਾ ਕਹਿਣਾ ਹੈ ਕਿ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੀ ਜਾਂਚ ਟੀਮ ਨਾਲ ਸਬੰਧਤ ਹੈ ਅਤੇ ਨਰਾਇਣ ਸਿੰਘ ਚੌੜਾ ਦਾ ਇਸ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਸੀ.ਪੀ ਜਸਪਾਲ ਸਿੰਘ ਨੇ ਦੱਸਿਆ ਕਿ ਨਰਾਇਣ ਸਿੰਘ ਚੌੜਾ ਕੋਲੋਂ ਬਰਾਮਦ ਪਿਸਤੌਲ ਪਹਿਲਾਂ ਹੀ ਜ਼ਬਤ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਧਰਮ ਸਿੰਘ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲਿਸ ਨੇ ਅਦਾਲਤ ਤੋਂ ਪੰਜ ਦਿਨ ਦਾ ਰਿਮਾਂਡ ਮੰਗਿਆ ਸੀ ਤਾਂ ਜੋ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ। ਅਦਾਲਤ ਨੇ ਦੋ ਦਿਨ ਦਾ ਰਿਮਾਂਡ ਦਿੱਤਾ ਹੈ।