ਪੰਜਾਬ ਦੇ ਪੰਜ ਨਗਰ ਨਿਗਮਾਂ ਲਈ 21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ 2231 ਲੋਕਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਜਦੋਂਕਿ ਕਮਿਸ਼ਨ ਵੱਲੋਂ ਅੱਜ 44 ਨਗਰ ਕੌਂਸਲਾਂ ਦੇ ਅੰਕੜੇ ਜਾਰੀ ਕੀਤੇ ਜਾਣ ਦੀ ਉਮੀਦ ਹੈ। ਨਾਮਜ਼ਦਗੀ ਪੱਤਰਾਂ ਦੀ ਅੱਜ ਪੜਤਾਲ ਹੋਵੇਗੀ।
ਇਸ ਦੌਰਾਨ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਨਾਮਜ਼ਦਗੀਆਂ ਵਾਪਸ ਲੈਣ ਅਤੇ ਚੋਣ ਨਿਸ਼ਾਨਾਂ ਦੀ ਅਲਾਟਮੈਂਟ 14 ਦਸੰਬਰ ਨੂੰ ਹੋਵੇਗੀ।
ਚੋਣ ਕਮਿਸ਼ਨ ਮੁਤਾਬਕ ਪੰਜ ਨਗਰ ਨਿਗਮ ਚੋਣਾਂ ਲਈ ਕੁੱਲ 2231 ਲੋਕਾਂ ਨੇ ਅਪਲਾਈ ਕੀਤਾ ਹੈ। ਇਸ ਸਮੇਂ ਦੌਰਾਨ ਜਲੰਧਰ ਤੋਂ 448, ਲੁਧਿਆਣਾ ਤੋਂ 682, ਫਗਵਾੜਾ ਤੋਂ 219, ਪਟਿਆਲਾ ਤੋਂ 174 ਅਤੇ ਅੰਮ੍ਰਿਤਸਰ ਤੋਂ 709 ਵਿਅਕਤੀਆਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਨਾਮਜ਼ਦਗੀ ਪ੍ਰਕਿਰਿਆ ਦੌਰਾਨ ਪਟਿਆਲਾ ਤੇ ਜ਼ੀਰਾ ਸਮੇਤ ਕਈ ਥਾਵਾਂ ’ਤੇ ਪੁਲਿਸ ‘ਤੇ ਮਨਮਾਨੀਆਂ ਕਰਨ ਦੇ ਦੋਸ਼ ਲੱਗੇ ਹਨ। ਇਹ ਮਾਮਲਾ ਰਾਜਪਾਲ ਤੋਂ ਲੈ ਕੇ ਹਾਈ ਕੋਰਟ ਤੱਕ ਪਹੁੰਚ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਦੇ 55 ਵਾਰਡਾਂ ਅਤੇ ਫਗਵਾੜਾ ਦੇ 50 ਵਾਰਡਾਂ ਵਿੱਚ ਸਿਰਫ਼ 9 ਹੀ ਉਮੀਦਵਾਰ ਖੜ੍ਹੇ ਕੀਤੇ ਹਨ। ਜਦਕਿ ਜਲੰਧਰ ਦੇ 81 ਵਾਰਡਾਂ ਵਿੱਚ 31 ਉਮੀਦਵਾਰ ਮੈਦਾਨ ਵਿੱਚ ਹਨ।