ਪੰਜਾਬ ਵਿੱਚ ਇੱਕ ਐਨਆਰਆਈ ਲਾੜਾ ਮੋਗਾ ਜ਼ਿਲ੍ਹੇ ਵਿੱਚ ਵਿਆਹ ਦੀ ਬਰਾਤ ਲੈ ਕੇ ਆਇਆ ਪਰ ਉਸ ਨੂੰ ਉੱਥੇ ਲਾੜੀ ਨਹੀਂ ਮਿਲੀ। ਲਾੜੇ ਨੂੰ ਸ਼ਹਿਰ ਵਿੱਚ ਉਹ ਮੈਰਿਜ ਪੈਲੇਸ ਵੀ ਨਹੀਂ ਮਿਲਿਆ ਜਿੱਥੇ ਉਸਨੂੰ ਵਿਆਹ ਦੀ ਬਰਾਤ ਨਾਲ ਬੁਲਾਇਆ ਗਿਆ ਸੀ। ਜਦੋਂ ਉਸ ਨੇ ਲਾੜੀ ਨੂੰ ਫੋਨ ਕੀਤਾ ਤਾਂ ਉਸ ਨੇ ਦੇਖਿਆ ਕਿ ਉਸ ਦਾ ਮੋਬਾਈਲ ਬੰਦ ਸੀ। ਇਸ ਤੋਂ ਬਾਅਦ ਲਾੜੇ ਨੂੰ ਖਾਲੀ ਹੱਥ ਪਰਤਣਾ ਪਿਆ।
ਪਰਿਵਾਰਕ ਮੈਂਬਰਾਂ ਮੁਤਾਬਕ ਦੋਵਾਂ ਦੀ ਮੁਲਾਕਾਤ ਇੰਸਟਾਗ੍ਰਾਮ ‘ਤੇ ਹੋਈ ਸੀ ਅਤੇ ਦੋਵਾਂ ਨੇ ਇਕ ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਲਾੜੇ ਨੇ ਸਾਊਥ ਸਿਟੀ ਥਾਣੇ ‘ਚ ਮਾਮਲਾ ਦਰਜ ਕਰਵਾਇਆ। ਫਿਲਹਾਲ ਪੁਲਿਸ ਲਾੜੀ ਅਤੇ ਉਸ ਦੇ ਪਰਿਵਾਰ ਦੀ ਭਾਲ ਕਰ ਰਹੀ ਹੈ।
ਲਾੜੇ ਦੀਪਕ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਦੁਬਈ ਵਿੱਚ ਰਹਿੰਦਾ ਹੈ। ਉਹ ਕੁਝ ਦਿਨ ਪਹਿਲਾਂ ਹੀ ਵਿਆਹ ਲਈ ਭਾਰਤ ਆਇਆ ਸੀ। ਦੀਪਕ ਨੇ ਦੱਸਿਆ ਕਿ ਉਸ ਦੀ 4 ਸਾਲ ਪਹਿਲਾਂ ਮੋਗਾ ਦੇ ਕੋਟ ਮੁਹੱਲੇ ਦੀ ਰਹਿਣ ਵਾਲੀ ਲੜਕੀ ਮਨਪ੍ਰੀਤ ਕੌਰ ਨਾਲ ਇੰਸਟਾਗ੍ਰਾਮ ‘ਤੇ ਦੋਸਤੀ ਹੋਈ ਸੀ। ਹੌਲੀ-ਹੌਲੀ ਗੱਲਾਂ ਵਧੀਆਂ, ਦੋਸਤੀ ਪਿਆਰ ਵਿੱਚ ਬਦਲ ਗਈ। ਦੋਵਾਂ ਵਿਚ ਪਿਆਰ ਹੋ ਗਿਆ ਅਤੇ ਦੀਪਕ ਨੇ ਉਸ ਨਾਲ ਵਿਆਹ ਕਰਨ ਦੀ ਗੱਲ ਕੀਤੀ। ਇਸ ‘ਤੇ ਮਨਪ੍ਰੀਤ ਨੇ ਵਿਆਹ ਦੀ ਤਰੀਕ 2 ਦਸੰਬਰ 2024 ਤੈਅ ਕੀਤੀ।
2 ਦਸੰਬਰ ਨੂੰ ਅੰਤਿਮ ਤਰੀਕ ਮੰਨਦੇ ਹੋਏ ਦੀਪਕ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਫਿਰ 29 ਨਵੰਬਰ ਨੂੰ ਮਨਪ੍ਰੀਤ ਨੇ ਫੋਨ ਕਰਕੇ ਕਿਹਾ ਕਿ ਉਸ ਦੇ ਪਿਤਾ ਦੀ ਸਿਹਤ ਠੀਕ ਨਹੀਂ ਹੈ। ਵਿਆਹ ਦੀ ਤਰੀਕ ਮੁਲਤਵੀ ਕਰਨੀ ਪਵੇਗੀ। ਇਸ ਤੋਂ ਬਾਅਦ ਦੀਪਕ ਨੇ ਕਿਹਾ ਕਿ ਜੇਕਰ 2 ਨੂੰ ਨਹੀਂ ਤਾਂ 6 ਦਸੰਬਰ ਨੂੰ ਉਹ ਵਿਆਹ ਕਰਨਗੇ। ਲੜਕੀ ਨੇ ਵੀ ਦੀਪਕ ਦੀ ਇਸ ਗੱਲ ਨੂੰ ਸਵੀਕਾਰ ਕਰ ਲਿਆ। ਦੀਪਕ ਨੇ ਦੱਸਿਆ ਕਿ ਲੜਕੀ ਨੇ ਉਸ ਤੋਂ 60 ਹਜ਼ਾਰ ਰੁਪਏ ਵੀ ਲਏ ਸਨ।
ਦੀਪਕ ਨੇ ਕਿਹਾ, ‘ਅੱਜ ਮੈਂ ਸਵੇਰੇ ਮਨਪ੍ਰੀਤ ਨੂੰ ਫੋਨ ਕੀਤਾ ਕਿ ਮੈਂ ਤਿਆਰ ਹਾਂ ਅਤੇ ਵਿਆਹ ਦੀ ਬਰਾਤ ਲੈ ਕੇ ਆ ਰਿਹਾ ਹਾਂ। ਹੈਰਾਨੀ ਦੀ ਗੱਲ ਇਹ ਹੈ ਕਿ ਮੁੰਡੇ ਦਾ ਪਰਿਵਾਰ ਕਦੇ ਕੁੜੀ ਨੂੰ ਮਿਲਿਆ ਹੀ ਨਹੀਂ, ਅਤੇ ਜਦੋਂ ਮੁੰਡੇ ਦਾ ਪਰਿਵਾਰ ਬਰਾਤ ਲੈ ਕੇ ਮੋਗਾ ਪਹੁੰਚਿਆ ਤਾਂ ਉਨ੍ਹਾਂ ਨੂੰ ਪੈਲੇਸ ਹੀ ਨਹੀਂ ਮਿਲਿਆ। ਜਦੋਂ ਕੁੜੀ ਦੇ ਨਾਲ ਫੋਨ ਉੱਤੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਲੈਣ ਆ ਰਹੇ ਹਨ ਪਰ ਕੋਈ ਨਹੀਂ ਆਇਆ ਤੇ ਮੁੰਡੇ ਵਾਲੇ ਸ਼ਾਮ ਤੱਕ ਇੰਤਜ਼ਾਰ ਕਰਦੇ ਰਹੇ ਅਤੇ ਕੁੜੀ ਵਾਲਿਆਂ ਨੇ ਫੋਨ ਹੀ ਬੰਦ ਕਰ ਲਿਆ।
ਜਦੋਂ ਸਥਾਨਕ ਲੋਕਾਂ ਤੋਂ ਪੁੱਛਿਆ ਕਿ ਇੱਥੇ ਰੋਜ਼ ਗਾਰਡਨ ਪੈਲੇਸ ਕਿੱਥੇ ਹੈ ਤਾਂ ਲੋਕਾਂ ਦਾ ਕਹਿਣਾ ਸੀ ਕਿ ਇੱਥੇ ਅਜਿਹਾ ਕੋਈ ਪੈਲੇਸ ਹੀ ਨਹੀਂ, ਜਿਸ ਤੋਂ ਬਾਅਦ ਮੁੰਡਾ, ਬਾਰਾਤੀ ਅਤੇ ਪਰਿਵਾਰਿਕ ਮੈਂਬਰ ਹੈਰਾਨ ਰਹਿ ਗਏ ਅਤੇ ਥਾਣੇ ਪਹੁੰਚੇ ਅਤੇ ਹੁਣ ਮੁੰਡਾ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਢੁੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।