Wednesday, December 18, 2024
spot_img

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ : ‘ਧਰਮ ਹੇਤ ਸਾਕਾ ਜਿਨ ਕੀਆ ॥ ਸੀਸੁ ਦੀਆ ਪਰੁ ਸਿਰਰੁ ਨ ਦੀਆ॥’

Must read

ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁਖੋਂ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ। ਆਪ ਜੀ ਨੇ 9 ਸਾਲ ਦੇ ਕਰੀਬ ਸਮਾਂ ਅੰਮ੍ਰਿਤਸਰ ਸਾਹਿਬ ਵਿਖੇ ਗੁਜ਼ਾਰਿਆ ਅਤੇ ਫਿਰ ਕਰਤਾਰਪੁਰ ਜਿਲ੍ਹਾ ਜਲੰਧਰ ਵਿਖੇ ਚਲੇ ਗਏ। ਗੁਰੂ ਜੀ ਦੇ ਭੈਣ ਭਰਾਵਾਂ ਦੇ ਨਾਮ ਬਾਬਾ ਗੁਰਦਿੱਤਾ ਜੀ,ਬਾਬਾ ਅਣੀ ਰਾਇ ਜੀ ਬਾਬਾ ਸੂਰਜ ਮੱਲ, ਬਾਬਾ ਅਟੱਲ ਰਾਏ ਅਤੇ ਬੀਬੀ ਵੀਰੋ ਹਨ।

ਦੇਸ਼ ਦੇ ਇਤਿਹਾਸ ‘ਚ ਕੁੱਝ ਅਜਿਹੇ ਜਾਬਾਂਜ ਹੋਏ ਹਨ ਜੋ ਧਰਮ ਦੀ ਰੱਖਿਆ ਲਈ ਆਪਣੀ ਸ਼ਹੀਦੀ ਦੇਣ ਤੋਂ ਪਿੱਛੇ ਨਹੀਂ ਹੱਟੇ। ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦੁਰ ਵੀ ਅਜਿਹੇ ਹੀ ਬਹਾਦੁਰ ਯੋਧਾ ਸੀ। ਜਿਹਨਾਂ ਨਾ ਸਿਰਫ਼ ਸਿੱਖੀ ਦਾ ਪਰਚਮ ਉੱਚਾ ਕੀਤਾ। ਉਹਨਾਂ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਇਸਲਾਮ ਧਰਮ ਧਾਰਨ ਨਹੀਂ ਕੀਤਾ। ਗੁਰੂ ਤੇਗ ਬਹਾਦੁਰ ਦੇ ਧੀਰਜ ਅਤੇ ਬਹਾਦੁਰੀ ਅੱਗੇ ਚਿੱਤ ਹੋਏ ਔਰੰਗਜੇਬ ਨੇ ਚਾਂਦਨੀ ਚੌਂਕ ਵਿੱਚ ਗੁਰੂਜੀ ਦਾ ਸੀਸ ਵੱਢਣ ਦੇ ਹੁਕਮ ਜਾਰੀ ਕੀਤੇ ਸਨ। ਅਤੇ ਉਹ 24 ਨਵੰਬਰ 1675 ਦਾ ਦਿਨ ਸੀ ਜਦੋਂ ਗੁਰੂ ਤੇਗ ਬਹਾਦੁਰ ਨੇ ਧਰਮ ਦੀ ਰੱਖਿਆ ਲਈ ਆਪਣੀ ਸ਼ਹੀਦੀ ਦੇ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।

ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ।

ਜੀਵਨ

ਗੁਰੂ ਤੇਗ ਬਹਾਦਰ ਜੀ ਦਾ ਜਨਮ ਪਹਿਲੀ ਅਪ੍ਰੈਲ 1621 (੧੬੨੧) ਈਸਵੀਂ ਨੂੰ ਅੰਮ੍ਰਿਤਸਰ, ਪੰਜਾਬ ਵਿਖੇ (ਮੁਗਲ ਸਾਮਰਾਜ ਵੇਲੇ ਹੋਇਆ, ਬਚਪਨ ਵਿੱਚ ਉਨ੍ਹਾਂ ਦਾ ਨਾਮ ਤਿਆਗ ਮੱਲ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਉਨ੍ਹਾਂ ਦੇ ਪਿਤਾ ਜੀ ਅਤੇ ਮਾਤਾ ਨਾਨਕੀ ਜੀ ਸਨ। ਉਨ੍ਹਾਂ ਦਾ ਵਿਆਹ ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਗੁਜਰੀ ਜੀ ਨਾਲ 1634 ਨੂੰ ਹੋਇਆ, ਉਨ੍ਹਾਂ ਨੂੰ ਵਿਆਹ ਤੋ 32 ਸਾਲ ਮਗਰੋ ਪੁੱਤਰ ਦੀ ਦਾਤ ਪ੍ਰਾਪਤ ਹੋਈ, ਪੁੱਤਰ ਹੋਣ ਮਗਰੋ ਉਨ੍ਹਾਂ ਨੇ ਆਪਣੇ ਪੁੱਤਰ ਗੋਬਿੰਦ ਰਾਏ ਨੂੰ 5 ਸਾਲ ਬਾਅਦ ਗੁਰੂ ਕੇ ਬਾਗ ਅਸਥਾਨ ਉਪਰ ਪਹਿਲੀ ਵਾਰ ਮਿਲੇ।

ਉਨ੍ਹਾਂ ਨੂੰ 1664(੧੬੬੪) ਈ ਸਵੀਂ ਨੂੰ ਗੁਰਿਆਈ ਪਾਪਤ ਹੋਈ ਆਪ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਸਪੁੱਤਰ ਸਨ ਆਪ ਜੀ ਬਚਪਨ ਤੋਂ ਹੀ ਵੈਰਾਗੀ ਤੇ ਉਪਰਾਮ ਤਬੀਅਤ ਦੇ ਮਾਲਕ ਸਨ। ਸੰਨ 1664 ਈ ਸਵੀਂ ਨੂੰ ਗੁਰਿਆਈ ਗੱਦੀ ਮਿਲਣ ਉਪਰੰਤ ਆਪਣੇ ਅਨੰਦਪੁਰ ਸਾਹਿਬ ਨੂੰ ਆਪਣਾ ਸਥਾਨ ਬਣਾਇਆ

ਗੁਰੂ ਜੀ ਬਚਪਨ ਤੋਂ ਹੀ ਸੰਤ ਸਰੂਪ ਅਡੋਲ ਚਿੱਤ ਗੰਭੀਰ ਤੇ ਨਿਰਭੈ ਸੁਭਾਅ ਦੇ ਮਾਲਕ ਸਨ ਗੁਰੂ ਜੀ ਕਈ ਕਈ ਘੰਟੇ ਸਮਾਧੀ ਵਿੱਚ ਲੀਨ ਹੋਏ ਬੈਠੇ ਰਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋ ਬਾਅਦ ਆਪ ਪਿੰਡ ਬਕਾਲਾ ਆ ਕੇ ਉਥੇ 20 ਸਾਲ ਭੋਰੇ ਵਿੱਚ ਬੈਠ ਕੇ ਸਿਮਰਨ ਕਰਦੇ ਰਹੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਵਿਦਿਆ ਆਪਣੀ ਦੇਖ ਰੇਖ ਹੇਠ ਦਵਾਈ ਆਪ ਜੀ ਸੁੰਦਰ ਵਿਦਵਾਨ ਸੂਰਬੀਰ ਸਸਤਰਧਾਰੀ ਤੇ ਧਰਮ ਤੇ ਰਾਜਨੀਤੀ ਵਿੱਚ ਨਿਪੁੰਨ ਸਨ। 1634 ਈਸਵੀ ਵਿੱਚ ਆਪ ਨੇ ਆਪਣੇ ਪਿਤਾ ਜੀ ਨਾਲ ਮਿਲਕੇ ਕਰਤਾਰਪੁਰ ਦੇ ਯੁੱਧ ਵਿਚ ਆਪਣੀ ਤਲਵਾਰ ਦੇ ਜੌਹਰ ਵਿਖਾਏ

ਬਾਬਾ ਬਕਾਲੇ ਤੋਂ ਬਾਅਦ ਆਪ ਕੀਰਤਪੁਰ ਪੁੱਜੇ ਤੇ ਫਿਰ ਕਹਿਲੂਰ ਦੇ ਰਾਜੇ ਤੋ ਜਮੀਨ ਖਰੀਦ ਕੇ ਆਨੰਦਪੁਰ ਸਾਹਿਬ ਸਹਿਰ ਵਸਾਇਆ ਤੇ ਫਿਰ ਉਸ ਜਗਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ।

ਅਖੀਰ ਇਕ ਸਾਲ ਪਿੱਛੋਂ ਭਾਈ ਮੱਖਣ ਸ਼ਾਹ ਲੁਬਾਣਾ ਜਿਸ ਦਾ ਜਹਾਜ਼ ਸਮੁੰਦਰ ਦੀ ਘੁੰਮਣ ਘੇਰੀ ਵਿੱਚ ਗੁਰੂ ਜੀ ਦੀ ਕਿਰਪਾ ਨਾਲ ਪਾਰ ਲੰਗਾ ਸੀ ਆਪਣੀ ਸੁੱਖਣਾ ਦੀਆ 500 ਮੋਹਰਾ ਲੈ ਕੇ ਬਾਬੇ ਬਕਾਲੇ ਪੁੱਜਾ ਉਸ ਸਮੇ ਉਥੇ 22ਗੁਰੂਆਂ ਦੀਆ ਮੰਜੀਆ ਲੱਗੀਆਂ ਹੋਈਆਂ ਸਨ ਉਹ ਸੋਚਣ ਲੱਗਾ ਕਿ ਕਿਸਨੂੰ 500ਮੋਹਰਾਂ ਭੇਟ ਕੀਤੀਆਂ ਜਾਣ। ਉਸਨੇ ਸੱਚੇ ਗੁਰੂ ਦੀ ਭਾਲ ਕਰਨ ਲਈ ਸਭ ਅੱਗੇ 55 ਮੋਹਰਾਂ ਰੱਖ ਦਿੱਤੀਆ ਪਰ ਕੋਈ ਕੁਝ ਨਹੀਂ ਬੋਲਿਆ ਕਾਫੀ ਪੁੱਛ ਗਿੱਛ ਤੋ ਪਤਾ ਲੱਗਾ ਕਿ ਇਕ ਗੁਰੂ ਸਾਹਿਬ ਭੋਰੇ ਵਿੱਚ ਵੀ ਰਹਿੰਦਾ ਹੈ ਮੱਖਣ ਸ਼ਾਹ ਲੁਬਾਣਾ ਉਸ ਭੋਰੇ ਵਿੱਚ ਗਿਆ ਉਸ ਨੇ ਗੁਰੂ ਜੀ ਅੱਗੇ 5ਮੋਹਰਾ ਭੇਟ ਕੀਤੀਆ ਤੇ ਮੱਥਾ ਟੇਕਿਆ ਤਾ ਗੁਰੂ ਜੀ ਨੇ ਕਿਹਾ ਕੀ ਸੁੱਖਣਾ 500 ਦੀ ਕਰਦਾ ਹੈ ਤੇ ਕੇਵਲ 5 ਮੋਹਰਾ ਭੇਟ ਕਰ ਰਿਹਾ ਮੱਖਣ ਸ਼ਾਹ ਲੁਬਾਣਾ ਗੱਦ ਗੱਦ ਹੋ ਗਿਆ ਤੇ ਉੱਚੀ ਉੱਚੀ ਰੋਲਾ ਪਾਉਣ ਲੱਗਾ ‘ਗੁਰੂ ਲਾਧੋ ਰੇ ਗੁਰੂ ਲਾਧੋ ਰੇ, ਭਾਵ ਸੱਚਾ ਗੁਰੂ ਲੱਭ ਗਿਆ ਹੈ।

ਉਸ ਸਮੇਂ ਮੁਗਲ ਬਾਦਸਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਕਸਮੀਰ ਦਾ ਸੂਬੇਦਾਰ ਸ਼ੇਰ ਅਫ਼ਗਾਨ ਤਲਵਾਰ ਦੇ ਜੋਰ ਨਾਲ ਕਸ਼ਮੀਰੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ। ਕਸਮੀਰ ਦੇ ਦੁਖੀ ਪੰਡਤ ਗੁਰੂ ਜੀ ਕੋਲ ਫਰਿਆਦ ਲੈ ਕੇ ਆਏ ਤੇ ਆਖਣ ਲੱਗੇ ਜੇਕਰ ਕੋਈ ਮਹਾਨ ਵਿਅਕਤੀ ਆਪਣੀ ਕੁਰਬਾਨੀ ਦੇਵੇ ਤਾ ਸਾਡੀ ਰੱਖਿਆ ਹੋ ਸਕਦੀ ਹੈ। ਉਸ ਵੇਲੇ ਬਾਲ ਗੋਬਿੰਦ ਰਾਏ ਜੀ ਕੋਲ ਬੈਠੇ ਸਨ ਤੇ ਆਖਣ ਲੱਗੇ (ਪਿਤਾ ਜੀ)ਤੁਹਾਡੇ ਤੋ ਵੱਧ ਹੋਰ ਮਹਾਨ ਵਿਅਕਤੀ ਕੌਣ ਹੋ ਸਕਦਾ ਹੈ? ਬਾਲ ਗੋਬਿੰਦ ਰਾਏ ਦੇ ਕਹਿਣ ਤੇ ਆਪ ਤਿਲਕ ਜੰਝੂ ਦੀ ਰਖਵਾਲੀ ਲਈ ਆਪਣੇ ਸਾਥੀਆਂ ਸਮੇਤ ਦਿੱਲੀ ਪਹੁੰਚੇ।

ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸ਼ਚੈ ਕੀਤਾ। 25 ਮਈ, 1675 ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇਕ ਜੱਥਾ ਵੀ ਚੱਕ ਨਾਨਕੀ ਆਇਆ। ਉਹ ਇਕ ਮੋਹਤਬਰ ਸਿੱਖ ਆਗੂ ਭਾਈ ਕਿਰਪਾ ਰਾਮ ਦੱਤ ਨੂੰ ਵੀ ਅਪਣੇ ਨਾਲ ਲੈ ਕੇ ਆਏ ਸਨ। ਭਾਈ ਕਿਰਪਾ ਰਾਮ, ਕਸ਼ਮੀਰ ਵਿਚ ਸਿੱਖ ਧਰਮ ਦੇ ਸੱਭ ਤੋਂ ਵੱਡੇ ਪ੍ਰਚਾਰਕਾਂ ਵਿਚੋਂ ਇਕ ਸਨ। ਕਸ਼ਮੀਰੀ ਬ੍ਰਾਹਮਣ ਇਸ ਸਿੱਖ ਆਗੂ ਦੀ ਬਾਂਹ ਫੜ ਕੇ ਚੱਕ ਨਾਨਕੀ ਆਏ ਅਤੇ ਤਖ਼ਤ ਦਮਦਮਾ ਸਾਹਿਬ ਤੇ ਗੁਰੂ ਸਾਹਿਬ ਦੇ ਦਰਬਾਰ ਵਿਚ ਆ ਫ਼ਰਿਆਦੀ ਹੋਏ। ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਦਸਿਆ ਕਿ ਅਸੀ ਕੇਦਾਰ ਨਾਥ, ਬਦਰੀ ਨਾਥ, ਪੁਰੀ, ਦੁਆਰਕਾ, ਕਾਂਚੀ, ਮਥਰਾ ਤੇ ਹੋਰ ਸਾਰੇ ਹਿੰਦੂ ਕੇਂਦਰਾਂ ਤੋਂ ਹੋ ਆਏ ਹਾਂ ਪਰ ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜੀ। ਅਸੀ, ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਹਾਂ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤਕ ਵੀ ਪਹੁੰਚ ਕੀਤੀ ਹੈ। ਉਨ੍ਹਾਂ ਨੇ ਵੀ ਅਪਣੀ ਬੇਬਸੀ ਜ਼ਾਹਰ ਕੀਤੀ ਹੈ। ਸਾਨੂੰ ਕੋਈ ਵੀ ਬਹੁੜੀ ਨਹੀਂ ਹੋਇਆ। ਹੁਣ ਸਾਡੀ ਆਖ਼ਰੀ ਆਸ ਸਿਰਫ਼ ਗੁਰੂ ਨਾਨਕ ਸਾਹਿਬ ਦਾ ਦਰ ਹੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਬ੍ਰਾਹਮਣਾਂ ਦੀ ਨਿੰਮੋਝੂਣਤਾ ਵੇਖ ਕੇ ਉਨ੍ਹਾਂ ਨੂੰ ਕਿਹਾ ਕਿ, ”ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਵੀ ਕੋਈ ਖ਼ਾਲੀ ਨਹੀਂ ਜਾਂਦਾ। ਵਾਹਿਗੁਰੂ ਤੁਹਾਡੀ ਮਦਦ ਕਰਨਗੇ। ਜਾਉ, ਸੂਬੇਦਾਰ ਨੂੰ ਆਖ ਦਿਉ ਕਿ ਜੇ ਉਹ ਗੁਰੂ ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।” ਗੁਰੂ ਸਾਹਿਬ ਦੀ ਗੱਲ ਸੁਣ ਕੇ ਬ੍ਰਾਹਮਣਾਂ ਦੀ ਜਾਨ ਵਿਚ ਜਾਨ ਆਈ। ਉਨ੍ਹਾਂ ਦੀ ਦਰਦ ਕਹਾਣੀ ਸੁਣ ਕੇ ਗੁਰੂ ਜੀ ਨੇ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ” ਮਹਾਂਵਾਕ ਅਨੁਸਾਰ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਾਬੇ ਨਾਨਕ ਦੇ ਦਰ ਤੋਂ ਮਾਯੂਸ ਨਹੀਂ ਪਰਤਣਗੇ। ਇਸ ਤੋਂ ਬਾਅਦ ਗੁਰੂ ਜੀ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਏ ਅਤੇ ਕੁਝ ਸਮੇਂ ਬਾਅਦ ਫ਼ੁਰਮਾਉਣ ਲੱਗੇ ਕਿ ਅਜੇ ਧਰਮ ਯੁੱਧ ਦਾ ਸਮਾਂ ਨਹੀਂ ਆਇਆ। ਇਸ ਸਮੇਂ ਕਿਸੇ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ। ਸਿਰਫ਼ ਕੁਰਬਾਨੀ ਨਾਲ ਹੀ ਡੁੱਬਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ। ਆਪ ਜੀ ਦੇ ਬਚਨ ਸੁਣ ਕੇ ਪੂਰੇ ਦਰਬਾਰ ਵਿੱਚ ਸੱਨਾਟਾ ਛਾ ਗਿਆ। ਆਪ ਜੀ ਦੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨੇ ਆਪ ਜੀ ਤੋਂ ਇਸ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਅਤਿਆਚਾਰ ਦੇ ਭਾਂਬੜ ਬਹੁਤ ਉੱਚੇ ਚਲੇ ਗਏ ਹਨ। ਜਿਸ ਵਿੱਚ ਇਹ ਨਿਤਾਣੇ ਬਾਲਣ ਦੀ ਥਾਂ ਝੋਕੇ ਜਾ ਰਹੇ ਹਨ। ਹੁਣ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ ਜੋ ਆਪਣੇ ਪਵਿੱਤਰ ਖ਼ੂਨ ਦੇ ਛਿੱਟੇ ਮਾਰ ਕੇ ਬਲਦੇ ਹੋਏ ਭਾਂਬੜਾਂ ਨੂੰ ਸ਼ਾਂਤ ਕਰ ਸਕੇ। ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਡੁੱਬਦੇ ਹੋਏ ਧਰਮ ਦੀ ਰੱਖਿਆ ਕਰੋ। ਆਪਣੇ ਬਾਲ ਦੇ ਨਿੱਕੇ ਜਿਹੇ ਮੂੰਹੋਂ ਏਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਹਮਣਾ ਕਰਨ ਲਈ ਹਰ ਪੱਖੋਂ ਸਮਰੱਥ ਹੈ। ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜਾਹ! ਪਹਿਲਾਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲੈ। ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਖ਼ੁਸ਼ੀ-ਖੁਸ਼ੀ ਮੁਸਲਮਾਨ ਬਣ ਜਾਵਾਂਗੇ।

1665 ਵਿਚ ਮਾਲਵੇ ਦੇ ਵੱਖ-ਵੱਖ ਇਲਾਕਿਆਂ ਵਿਚ ਧਰਮ ਪ੍ਰਚਾਰ ਕਰਦੇ ਹੋਏ ਗੁਰੂ ਤੇਗ਼ ਬਹਾਦਰ ਸਾਹਿਬ, ਅਪ੍ਰੈਲ 1665 ਦੇ ਅਖ਼ੀਰ ਵਿਚ, ਧਮਤਾਨ (ਹੁਣ ਜ਼ਿਲ੍ਹਾ ਜੀਂਦ, ਹਰਿਆਣਾ) ਪੁੱਜੇ। ਧਮਤਾਨ ਵਿਚ ਭਾਈ ਦੱਗੋ ਸਿੱਖ ਪੰਥ ਦਾ ਮਸੰਦ ਸੀ। ਭਾਈ ਦੱਗੋ ਦਾ ਇਲਾਕੇ ਵਿਚ ਬੜਾ ਚੰਗਾ ਰਸੂਖ਼ ਸੀ। ਉਸ ਨੇ ਇਸ ਇਲਾਕੇ ਵਿਚ ਬਹੁਤ ਸਾਰੇ ਲੋਕਾਂ ਨੂੰ ਸਿੱਖੀ ਵਿਚ ਸ਼ਾਮਲ ਕਰਵਾਇਆ ਸੀ। 1665 ਤਕ ਧਮਤਾਨ ਉਨ੍ਹਾਂ ਇਲਾਕਿਆਂ ਵਿਚੋਂ ਇਕ ਬਣ ਚੁੱਕਾ ਸੀ ਜਿਨ੍ਹਾਂ ਦੇ ਵਧੇਰੇ ਵਾਸੀ ਸਿੱਖ ਪੰਥ ਦਾ ਹਿੱਸਾ ਸਨ। ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਉਥੇ ਪੁੱਜੇ ਤਾਂ ਸੈਂਕੜੇ ਸਿੱਖ ਆਪ ਜੀ ਦੇ ਦਰਸ਼ਨਾਂ ਵਾਸਤੇ ਆਏ। ਗੁਰੂ ਸਾਹਿਬ ਹਰ ਰੋਜ਼ ਦੀਵਾਨ ਸਜਾਇਆ ਕਰਦੇ ਸਨ। ਕੁੱਝ ਦਿਨ ਧਮਤਾਨ ਰਹਿਣ ਮਗਰੋਂ ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਜਾਣ ਦੀ ਤਿਆਰੀ ਸ਼ੁਰੂ ਕਰ ਦਿਤੀ। 28 ਅਕਤੂਬਰ, 1665 ਤਕ ਆਪ ਏਥੇ ਰਹੇ।

ਇਸ ਤਰ੍ਹਾਂ ਗੁਰੂ ਜੀ ਬਾਲ ਗੋਬਿੰਦ ਰਾਇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਦਸਵੇਂ ਵਾਰਿਸ ਥਾਪ ਕੇ ਆਪ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਜੈਤਾ ਜੀ ਅਤੇ ਭਾਈ ਦਿਆਲਾ ਜੀ ਆਦਿ ਸਿੱਖਾਂ ਨਾਲ ਦਿੱਲੀ ਵੱਲ ਕੁਰਬਾਨੀ ਦੇਣ ਚੱਲ ਪਏ।

ਜਦੋਂ ਗੁਰੂ ਜੀ ਨੂੰ ਇਸਲਾਮ ਦੇ ਨਸ਼ੇ ਵਿੱਚ ਧੁੱਤ ਔਰੰਗਜ਼ੇਬ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਨੇ ਇਸਲਾਮ ਦੀ ਮਹਿਮਾ ਗਾਉਂਦਿਆਂ ਆਪ ਜੀ ਨੂੰ ਇਸਲਾਮ ਕਬੂਲਣ ਲਈ ਪ੍ਰੇਰਿਆ। ਪਰ ਗੁਰੂ ਜੀ ਨੇ ਉਸ ਦੀ ਉਮੀਦ ਦੇ ਉਲਟ ਉੱਤਰ ਦਿੱਤਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਨਾ ਤਾਂ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ, ਨਾ ਹੀ ਰੱਬ ਦੀ ਰਜ਼ਾ ਵਿੱਚ ਚੱਲ ਰਹੇ ਹੋ ਅਤੇ ਨਾ ਹੀ ਆਪਣੀ ਪਰਜਾ ਪ੍ਰਤੀ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹੋ। ਬਾਦਸ਼ਾਹ ਹੋਣ ਦੇ ਨਾਤੇ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ। ਪਰ ਇਸ ਦੇ ਉਲਟ ਤੁਸੀਂ ਤਾਂ ਹਿੰਦੂਆਂ ਨੂੰ ਆਪਣੇ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਹੈ। ਔਰੰਗਜ਼ੇਬ! ਤੇਰੇ ਇਸ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਅਤੇ ਮਾਸੂਮ ਹਿੰਦੂਆਂ ਦੀ ਰੱਖਿਆ ਲਈ ਅਸੀਂ ਮੈਦਾਨ ਵਿੱਚ ਆ ਨਿੱਤਰੇ ਹਾਂ। ਤੂੰ ਤਾਂ ਬਾਦਸ਼ਾਹ ਹੋਣ ਦੇ ਨਾਤੇ ਆਪਣੀ ਪਰਜਾ ਤੋਂ ਮੂੰਹ ਮੋੜੀ ਬੈਠਾ ਹੈਂ ਪਰ ਅਸੀਂ ਇਨ੍ਹਾਂ ਮਜ਼ਲੂਮਾਂ ਦੀ ਬਾਂਹ ਪਕੜ ਲਈ ਹੈ।

ਇਸ ਪ੍ਰਕਾਰ ਗੁਰੂ ਜੀ ਨੂੰ ਚੜ੍ਹਦੀ ਕਲਾ ਵਿੱਚ ਅਤੇ ਉਨ੍ਹਾਂ ਦੁਆਰਾ ਇਸਲਾਮ ਨਾ ਕਬੂਲਣ ਦੇ ਅਟੱਲ ਨਿਸ਼ਚੈ ਨੂੰ ਵੇਖ ਕੇ ਔਰੰਗਜ਼ੇਬ ਗੁੱਸੇ ਵਿੱਚ ਕੰਬ ਉੱਠਿਆ। ਕੁਰਬਾਨੀ ਲਈ ਤਿਆਰ ਗੁਰੂ ਜੀ ਨੂੰ ਦੇਖ ਕੇ ਉਸ ਦੇ ਮਨਸੂਬਿਆਂ ਦੀਆਂ ਨੀਹਾਂ ਹਿੱਲ ਗਈਆਂ। ਆਪਣੀ ਇਸ ਹਾਰ ਨੂੰ ਵੇਖ ਕੇ ਉਸ ਨੇ ਅੰਤ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਵੇ ਅਤੇ ਇਨ੍ਹਾਂ ਦੇ ਮੁਰੀਦਾਂ ਨੂੰ ਤਸੀਹੇ ਦੇ-ਦੇ ਕੇ ਮਾਰ ਦਿੱਤਾ ਜਾਵੇ।

ਔਰੰਗਜ਼ੇਬ ਦੇ ਹੁਕਮ ਅਨੁਸਾਰ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਸੁੱਟ ਦਿੱਤਾ ਗਿਆ। ਇਸ ਪ੍ਰਕਾਰ ਇੱਕ-ਇੱਕ ਕਰਕੇ ਗੁਰੂ ਜੀ ਦੇ ਮੁਰੀਦਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਹੋਣੀ ਦੀ ਭੱਠੀ ਵਿੱਚ ਝੋਕ ਦਿੱਤਾ ਗਿਆ ਜਿਸ ਨੂੰ ਵੇਖ ਕੇ ਗੁਰੂ ਜੀ ਡੋਲੇ ਨਹੀਂ ਸਗੋਂ ਉਨ੍ਹਾਂ ਦਾ ਸਿਦਕ ਹੋਰ ਵੀ ਅਡੋਲ ਹੋ ਗਿਆ।

ਅੰਤ ਮਿਤੀ 11 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਵਿਖੇ ਕਾਜ਼ੀ ਨੇ ਫ਼ਤਵਾ ਪੜ੍ਹਿਆ। ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ। ਪਰ ਆਪਣੇ ਮੂੰਹੋਂ ਸੀਅ ਨਾ ਉਚਾਰੀ। ਆਪ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ‘ਬਚਿਤਰ ਨਾਟਕ’ ਵਿੱਚ ਲਿਖਿਆ ਹੈ:

ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥
ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰੁ ਨ ਦੀਆ॥ (ਦਸਮ ਗ੍ਰੰਥ)

ਆਪ ਜੀ ਦੀ ਲਾਸਾਨੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਅਤੇ ਲੋਕਾਂ ਦੀਆਂ ਚੀਕਾਂ ਨਾਲ ਅਸਮਾਨ ਚੀਰਿਆ ਗਿਆ। ਜੱਲਾਦ ਦਾ ਦਿਲ ਦਹਿਲ ਗਿਆ ਅਤੇ ਉਹ ਤਲਵਾਰ ਸੁੱਟ ਕੇ ਜਾਮਾ ਮਸਜਿਦ ਵੱਲ ਭੱਜ ਗਿਆ। ਸ਼ਾਹੀ ਆਦੇਸ਼ ਸੀ ਕਿ ਗੁਰੂ ਜੀ ਦੇ ਸਰੀਰ ਦੇ ਟੁਕੜੇ-ਟੁਕੜੇ ਕਰ ਕੇ ਦਿੱਲੀ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਲਟਕਾਏ ਜਾਣ ਪਰ ਸ਼ਹੀਦੀ ਤੋਂ ਤੁਰੰਤ ਬਾਅਦ ਅਜਿਹੀ ਹਨੇਰੀ ਝੁੱਲੀ ਕਿ ਸਭ ਆਪੋ ਆਪਣੇ ਬਚਾਅ ਲਈ ਭੱਜ ਉੱਠੇ। ਭਾਈ ਜੈਤਾ ਜੀ ਸਿਪਾਹੀਆਂ ਤੋਂ ਅੱਖ ਬਚਾ ਕੇ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਗਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਸਤਿਕਾਰ ਪੂਰਵਕ ਪ੍ਰਾਪਤ ਕਰਦਿਆਂ ਭਾਈ ਜੈਤਾ ਜੀ ਨੂੰ ‘ਰੰਘਰੇਟਾ ਗੁਰੂ ਕਾ ਬੇਟਾ’ ਵਰ ਦਿੱਤਾ। ਗੁਰੂ ਜੀ ਦਾ ਧੜ ਭਾਈ ਲੱਖੀ ਸ਼ਾਹ ਆਪਣੇ ਘਰ ਲੈ ਗਿਆ। ਉਸ ਨੇ ਆਪਣੇ ਘਰ ਨੂੰ ਅਗਨ-ਭੇਂਟ ਕਰ ਕੇ ਗੁਰੂ ਜੀ ਦਾ ਦਾਹ-ਸੰਸਕਾਰ ਕੀਤਾ ਅਤੇ ਆਪ ਜੀ ਦੀਆਂ ਅਸਥੀਆਂ ਨੂੰ ਗਾਗਰ ਵਿੱਚ ਪਾ ਕੇ ਉਥੇ ਹੀ ਦੱਬ ਦਿੱਤਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article