ਜਲੰਧਰ ਦੀ STF ਟੀਮ ਨੇ ਹੁਸ਼ਿਆਰਪੁਰ ਦੇ ਟਾਂਡਾ ਇਲਾਕੇ ਵਿੱਚ ਨਸ਼ਾ ਤਸਕਰੀ ਤੇ ਵੱਡੀ ਕਾਰਵਾਈ ਕਰਦਿਆਂ ਸਫਲਤਾ ਹਾਸਿਲ ਕੀਤੀ ਹੈ। ਟਾਂਡਾ ਸ੍ਰੀ ਅੰਮ੍ਰਿਤਸਰ ਸਹਿਬ ਨੈਸ਼ਨਲ ਹਾਈਵੇ ਤੇ ਸਥਿਤ ਕਾਰ ਏਜੰਸੀ ਨੇੜੇ ਬਣੀ ਕਲੋਨੀ ਵਿੱਚ ਰਹਿੰਦੇ ਇਕ ਗੁੱਜਰ ਕੋਲੋਂ ਛਾਪੇਮਾਰੀ ਦੌਰਾਨ ਕਰੀਬ ਡੇਢ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਕਰੀਬ ਸਾਢੇ 7 ਕਰੋੜ ਰੁਪਏ ਬਣਦੀ ਹੈ। ਮੁਲਜ਼ਮ ਦੀ ਪਛਾਣ ਰਾਂਝਾ ਪੁੱਤਰ ਕਾਸਮ ਵਾਸੀ ਪੁਲ ਪੁਖਤਾ ਥਾਣਾ ਟਾਂਡਾ ਵਜੋਂ ਹੋਈ ਹੈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ STF ਜਲੰਧਰ ਟੀਮ ਦੇ ਜਾਂਚ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ STF ਜਲੰਧਰ ਟੀਮ ਵੱਲੋਂ ਕਿਸੇ ਖਾਸ ਮੁਖਬਰ ਦੀ ਇਤਲਾਹ ਤੇ ਟਾਂਡਾ – ਸ੍ਰੀ ਅੰਮ੍ਰਿਤਸਰ ਸਾਹਿਬ ਨੇਸ਼ਨਲ ਹਾਈਵੇ ਤੇ ਸਥਿਤ ਕਾਰ ਏਜੰਸੀ ਨੇੜੇ ਬਣੀ ਕਲੋਨੀ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਇੱਕ ਗੁੱਜਰ ਦੇ ਕੁਲ ਤੇ ਛਾਪਮਾਰੀ ਕੀਤੀ ਤਾਂ ਤਲਾਸ਼ੀ ਦੌਰਾਨ ਰਾਂਝਾ ਨਾਮਕ ਗੁੱਜਰ ਕੋਲ ਰੱਖੇ ਇੱਕ ਬੈਗ ਵਿੱਚੋਂ ਕਰੀਬ ਡੇੜ ਕਿੱਲੋ ਹੈਰੋਇਨ ਬਰਾਮਦ ਕੀਤੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ ਸਾਢੇ 7 ਕਰੋੜ ਰੁਪਏ ਬਣਦੀ ਹੈ ਅਤੇ ਕਿਹਾ ਕਿ ਮੁਲਜ਼ਮ ਨੂੰ ਮੌਕੇ ਤੇ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਗੰਭੀਰਤਾ ਨਾਲ ਪੁਛਗਿੱਛ ਕੀਤੀ ਜਾਵੇਗੀ ਕਿ ਉਕਤ ਮੁਲਜ਼ਮ ਪੰਜਾਬ ਵਿੱਚ ਕਿਹੜੇ ਵੱਡੇ ਨਸ਼ਾ ਤਸਕਰ ਗਿਰੋਹ ਨਾਲ ਕੰਮ ਕਰਦਾ ਹੈ ਤੇ ਉਸਦੇ ਹੋਰ ਕਿੰਨੇ ਸਾਥੀ ਇਸ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜੇ ਹੋਏ ਹਨ । ਪਰਮਿੰਦਰ ਸਿੰਘ ਨੇ ਖਦਸ਼ਾ ਜਤਾਉਂਦੇ ਹੋਏ ਦੱਸਿਆ ਕਿ ਉਕਤ ਮੁਲਜ਼ਮ ਦੇ ਪੰਜਾਬ ਦੇ ਕਿਸੇ ਵੱਡੇ ਨਸ਼ਾ ਤਸਕਰ ਗਿਰੋਹ ਨਾਲ ਸਬੰਧ ਹੋ ਸਕਦੇ ਹਨ ਤੇ ਪੁਛਗਿੱਛ ਦੌਰਾਨ ਹੋਰ ਵੱਡੇ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।