ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਵਿੱਚ ਮੀਟਿੰਗ ਸੱਦੀ ਹੈ। ਮੀਟਿੰਗ ਵਿੱਚ 18 ਸਿੱਖ ਵਿਦਵਾਨ ਅਤੇ ਬੁੱਧੀਜੀਵੀ ਹਿੱਸਾ ਲੈਣਗੇ। ਜਿਨ੍ਹਾਂ ਵਿੱਚ ਸ਼੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਮਨਜੀਤ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵੀਸੀ ਜਸਪਾਲ ਸਿੰਘ, ਇੰਦਰਜੀਤ ਸਿੰਘ ਗੋਗੋਆਣੀ, ਅਮਰਜੀਤ ਸਿੰਘ, ਹਰਸਿਮਰਨ ਸਿੰਘ, ਜਸਪਾਲ ਸਿੰਘ ਸਿੱਧੂ ਅਤੇ ਹਮੀਰ ਸਿੰਘ ਸ਼ਾਮਲ ਹਨ। ਮੀਟਿੰਗ ਵਿੱਚ ਕੁਝ ਸੀਨੀਅਰ ਪੱਤਰਕਾਰਾਂ ਨੂੰ ਵੀ ਬੁਲਾਇਆ ਗਿਆ ਹੈ। ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਾਰਮਿਕ ਅਤੇ ਸਿਆਸੀ ਭਵਿੱਖ ਬਾਰੇ ਅੱਜ ਵਿਚਾਰ ਚਰਚਾ ਕੀਤੀ ਜਾਵੇਗੀ।
ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪਹਿਲਾਂ ਹੀ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਜਾ ਚੁੱਕਾ ਹੈ। ਜਿਸ ‘ਤੇ ਅੱਜ ਮੀਟਿੰਗ ਵਿੱਚ ਚਰਚਾ ਹੋਣੀ ਹੈ। ਜਿਸ ਨਾਲ ਸੁਖਬੀਰ ਬਾਦਲ ਦੇ ਧਾਰਮਿਕ ਅਤੇ ਸਿਆਸੀ ਜੀਵਨ ਬਾਰੇ ਫੈਸਲਾ ਕੀਤਾ ਜਾਣਾ ਹੈ ਅਤੇ ਮੀਟਿੰਗ ਵਿੱਚ ਸੁਖਬੀਰ ਬਾਦਲ ਨੂੰ ਕਿਸ ਤਰ੍ਹਾਂ ਦੀ ਸਜਾ ਦਿੱਤੀ ਜਾਵੇਗੀ। ਇਸ ਨੂੰ ਲੈਕੇ ਸਮੁੱਚੀ ਸਿੱਖ ਸੰਗਤ ਦੀਆ ਨਜ਼ਰਾਂ ਇਸ ਮੀਟਿੰਗ ਤੇ ਲੱਗੀਆਂ ਹੋਈਆਂ ਹਨ। ਕੀ ਫੈਸਲਾ ਆਵੇਗਾ।
ਦਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ‘ਚ ਸੁਖਬੀਰ ਬਾਦਲ ਦੇ ਵਿਰੋਧੀ ਧੜੇ ਦੇ ਆਗੂਆਂ ਨੇ 2007 ਤੋਂ 2017 ਦਰਮਿਆਨ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੌਰਾਨ ਲਏ ਗਏ ਕੁਝ ਧਾਰਮਿਕ ਫੈਸਲਿਆਂ ‘ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਫੈਸਲੇ ਸਿੱਖ ਧਰਮ ਦੇ ਖਿਲਾਫ ਹਨ। ਇਸ ਮੁੱਦੇ ‘ਤੇ ਵਿਚਾਰ ਕਰਨ ਤੋਂ ਬਾਅਦ ਅਕਾਲ ਤਖ਼ਤ ਨੇ 30 ਅਗਸਤ 2024 ਨੂੰ ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨਿਆ ਸੀ। ਉਸ ਦੀ ਸਜ਼ਾ ਬਾਰੇ ਫੈਸਲਾ ਅਜੇ ਬਾਕੀ ਹੈ। ਅੱਜ ਦੀ ਮੀਟਿੰਗ ‘ਚ ਇਸ ਗੱਲ ‘ਤੇ ਵਿਚਾਰ ਕੀਤਾ ਜਾਵੇਗਾ ਕਿ ਸੁਖਬੀਰ ਬਾਦਲ ਨੂੰ ਕਿਸ ਤਰ੍ਹਾਂ ਦੀ ਧਾਰਮਿਕ ਸਜ਼ਾ ਦਿੱਤੀ ਜਾ ਸਕਦੀ ਹੈ। ਅੱਜ ਦੀ ਮੀਟਿੰਗ ਤੋਂ ਬਾਅਦ ਸਿੱਖ ਪੰਥ ਦੇ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਸੁਖਬੀਰ ਬਾਦਲ ਨੂੰ ਵੀ ਬੁਲਾਇਆ ਜਾ ਸਕਦਾ ਹੈ।