1984 ਦੇ ਸਿੱਖ ਕਤਲੇਆਮ ਨੂੰ 40 ਸਾਲ ਬੀਤ ਚੁੱਕੇ ਹਨ। ਅਜੇ ਵੀ ਕਈ ਸਿੱਖ ਪੀੜਤ ਹਨ ਜਿਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਸਿੱਖ ਭਾਈਚਾਰੇ ਦੇ ਜ਼ਹਿਨ ਵਿੱਚ 1984 ਸਿੱਖ ਕਤਲੇਆਮ ਦੇ ਨਿਸ਼ਾਨ ਹਾਲੇ ਮਿਟੇ ਨਹੀਂ ਹਨ। ਇਨ੍ਹਾਂ ਮਾਮਲਿਆਂ ਦੇ ਕੁਝ ਮੁਲਜ਼ਮਾਂ ਨੂੰ ਸਜ਼ਾ ਹੋਈ, ਕੁਝ ਬਰੀ ਹੋ ਚੁੱਕੇ ਹਨ ਅਤੇ ਕਈ ਮੁਕੱਦਮੇ ਅਜੇ ਵੀ ਅਦਾਲਤਾਂ ਵਿੱਚ ਸੁਣਵਾਈ ਅਧੀਨ ਹਨ।
31 ਅਕਤੂਬਰ 1984 ਵਿੱਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਪੰਜਾਬ ਨੂੰ ਛੱਡ ਕੇ ਲਗਭਗ ਸਾਰੇ ਮੁਲਕ ਵਿੱਚ ਸਿੱਖਾਂ ‘ਤੇ ਜ਼ੁਲਮ ਦਾ ਜੋ ਤੂਫ਼ਾਨ ਝੁੱਲਿਆ, ਉਸ ਨੂੰ ਚੌਥੇ ਘੱਲੂਘਾਰੇ ਦਾ ਨਾਂ ਦਿੱਤਾ ਜਾ ਸਕਦਾ ਹੈ। ਸਿੱਖਾਂ ਦਾ ਸਭ ਤੋਂ ਵੱਧ ਕਤਲੇਆਮ ਮੁਲਕ ਦੀ ਰਾਜਧਾਨੀ ਦਿੱਲੀ, ਕਾਨ੍ਹਪੁਰ ਅਤੇ ਸਟੀਲ ਸਿਟੀ ਬੋਕਾਰੋ ਵਿੱਚ ਹੋਇਆ ਸੀ। ਜਾਣਕਾਰੀ ਦਾ ਇੱਕੋ-ਇੱਕ ਸਾਧਨ ਸਰਕਾਰੀ ਰੇਡੀਓ ਤੇ ਦੂਰਦਰਸ਼ਨ ਸੀ। ਪ੍ਰਾਈਵੇਟ ਸਾਧਨ ਸਿਰਫ਼ ਅਖ਼ਬਾਰ ਸਨ।
ਦੱਸਿਆ ਜਾਂਦਾ ਹੈ ਕਿ ਪੰਜਾਬੋਂ ਬਾਹਰਲੇ ਸੂਬਿਆਂ ਖਾਸਕਰ ਦਿੱਲੀ ਵਿੱਚ 1984 ਨੂੰ ਨਵੰਬਰ ਦੇ ਪਹਿਲੇ ਹਫ਼ਤੇ ਦੌਰਾਨ ਵਾਪਰੇ ਸਿੱਖ ਕਤਲੇਆਮ ਦੀ ਖ਼ਬਰ 10 ਨਵੰਬਰ ਤੋਂ ਬਾਅਦ ਹੀ ਪੰਜਾਬ ਵਿੱਚ ਪਹੁੰਚੀ, ਉਹ ਵੀ ਪੰਜਾਬ ਨੂੰ ਵਾਪਿਸ ਪਰਤ ਰਹੇ ਟਰੱਕਾਂ ਵਾਲ਼ਿਆਂ ਜ਼ਰੀਏ। ਅਜਿਹਾ ਇਸ ਲਈ ਕਿਉਂਕਿ 31 ਅਕਤੂਬਰ ਸ਼ਾਮ ਨੂੰ ਇੰਦਰਾ ਗਾਂਧੀ ਦੀ ਮੌਤ ਮਗਰੋਂ ਹੀ ਸਰਕਾਰ ਨੇ ਅਖ਼ਬਾਰਾਂ ‘ਤੇ ਸੈਂਸਰਸ਼ਿੱਪ ਲਾ ਦਿੱਤੀ ਸੀ। ਸਾਰੇ ਮੁਲਕ ਵਿੱਚ ਚੱਲ ਰਹੇ ਸਿੱਖ ਕਤਲੇਆਮ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਛਾਪਣ ‘ਤੇ ਪਾਬੰਦੀ ਸੀ। ਇਸ ਕਤਲੇਆਮ ਵਿੱਚ 3000 ਤੋਂ ਵੱਧ ਸਿੱਖਾਂ ਦਾ ਕਤਲ ਹੋਇਆ ਸੀ।
ਇੰਦਰਾ ਗਾਂਧੀ ਦਾ ਕਤਲ ਹੋਣ ਤੋਂ 10 ਘੰਟਿਆਂ ਦੇ ਅੰਦਰ ਅੰਦਰ ਸਾਰੀ ਰਾਜਧਾਨੀ, ਲੁੱਟ ਖਸੁਟ, ਕਤਲੇਆਮ, ਬਲਾਤਕਾਰ ਅਤੇ ਗੁੰਡਾਗਰਦੀ ਦੇ ਕਾਲੇ ਤੂਫ਼ਾਨ ਦੇ ਹਨੇਰੇ ’ਚ ਗੁੁੁੁੁੁੁੁਆਚ ਗਈ। 31 ਅਕਤੂਬਰ ਦੀ ਸ਼ਾਮ ਦੇ 6 ਵਜੇ ਇਹ ਸੱਭ ਸ਼ੁਰੂ ਹੋਇਆ ਜਦੋਂ ਰਾਜਧਾਨੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਬਾਹਰ ਗੁੱਸੇ ਦੀ ਇਹ ਲਹਿਰ ਨਜ਼ਰੀ ਆਈ ਜਿਸ ਦੇ ਥਪੇੜਿਆਂ ਨੂੰ ਆਉਣ ਵਾਲੇ ਦਿਨਾਂ ’ਚ ਕਈ ਜ਼ਿੰਦਗੀਆਂ ਨੇ ਮਹਿਸੂਸ ਕੀਤਾ। ਇੰਸਟੀਚਿਊਟ ਦੇ ਬਾਹਰ ਪਹਿਲਾ ਨਿਸ਼ਾਨਾ ਇਕ ਸਿੱਖ ਬਣਿਆ ਜੋ ਸਕੂਟਰ ’ਤੇ ਸਵਾਰ ਸੀ। ਉਸ ਨੂੰ ਰੋਕਣ ਤੋਂ ਬਾਅਦ ਗੁੱਸੇ ’ਚ ਭੜਕੇ ਹੋਏ ਨੌਜੁਆਨ ਲੜਕਿਆਂ ਦੀ ਭੀੜ ਨੇ ਉਸ ਦੀ ਪੱਗ ਲਾਹੀ ਤੇ ਫਿਰ ਬੇਰਹਿਮੀ ਨਾਲ ਕੁਟਿਆ ਜਦ ਤਕ ਖ਼ੂਨ ਨਾ ਵਗਣ ਲੱਗ ਪਿਆ। ਚੰਗੀ ਕਿਸਮਤ ਨਾਲ ਉਹ ਸਿੱਖ ਤਾਂ ਬਚ ਕੇ ਨਿਕਲ ਗਿਆ ਪਰ ਸਕੂਟਰ ਨਾ ਬਚ ਸਕਿਆ। ਸਕੂਟਰ ਨੂੰ ਅੱਗ ਲਾ ਦਿਤੀ ਗਈ ਅਤੇ ਰਾਤ ਦੇ ਹਨੇਰੇ ਵਿਚ ਉਸ ਦੀਆਂ ਲਪਟਾਂ ਦੂਰ-ਦੂਰ ਤਕ ਦਿਸ ਰਹੀਆਂ ਸਨ ਭਾਵੇਂ ਉਹ ਭੀੜ ਉਥੋਂ ਕੂਚ ਕਰ ਚੁੱਕੀ ਸੀ।