ਗੁਰਦਾਸਪੁਰ ‘ਚ ਬੀਤੀ ਰਾਤ ਥਾਣਾ ਸਦਰ ਅਧੀਨ ਪੈਂਦੇ ਪਿੰਡ ਗੁਣੀਆਂ ਦੇ ਘਰ ਵਿਚ ਦਾਖਲ ਹੋ ਕੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਇਕ ਬਜ਼ੁਰਗ ਗੁਰਸਿੱਖ ਜੋੜੇ ਦਾ ਮੂੰਹ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਹਮਲੇ ਦੌਰਾਨ ਖੂਨ ਨਾਲ ਲੱਥਪੱਥ ਹੋਣ ਦੇ ਬਾਵਜੂਦ ਬਜ਼ੁਰਗ ਨੇ ਲੁਟੇਰਿਆਂ ਦਾ ਮੁਕਾਬਲਾ ਕੀਤਾ। ਲੁਟੇਰਿਆਂ ਨੇ ਇੰਨੀ ਬੇਰਹਿਮੀ ਦਾ ਪ੍ਰਦਰਸ਼ਨ ਕੀਤਾ ਕਿ ਉਨ੍ਹਾਂ ਨੇ ਬਜ਼ੁਰਗ ਬਲਦੇਵ ਸਿੰਘ ਦੇ ਨਾਲ-ਨਾਲ ਉਸ ਦੀ ਬਜ਼ੁਰਗ ਪਤਨੀ ਕਸ਼ਮੀਰ ਕੌਰ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਪਰ ਬਜ਼ੁਰਗ ਬਲਦੇਵ ਸਿੰਘ ਦੀ ਹਿੰਮਤ ਕਾਰਨ ਉਹ ਪਿਸਤੌਲ ਦਾ ਮੈਗਜ਼ੀਨ ਘਰ ਵਿੱਚ ਛੱਡ ਕੇ ਬਿਨਾਂ ਲੁੱਟ-ਖਸੁੱਟ ਦੇ ਭੱਜ ਗਏ। ਤਿੰਨ ਲੁਟੇਰੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ। ਮੋਟਰਸਾਈਕਲ ਸਵਾਰ ਲੁਟੇਰਿਆਂ ਦਾ ਇੱਕ ਸਾਥੀ ਘਰ ਦੇ ਬਾਹਰ ਖੜ੍ਹਾ ਰਿਹਾ, ਜਦੋਂ ਕਿ ਦੋ ਨੂੰ ਘਰ ਵਿੱਚ ਦਾਖਲ ਹੁੰਦੇ ਦੇਖਿਆ ਗਿਆ।
ਬਜ਼ੁਰਗ ਬਲਦੇਵ ਸਿੰਘ, ਉਸ ਦੀ ਪਤਨੀ ਕਸ਼ਮੀਰ ਕੌਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਪੌਣੇ ਦਸ ਵਜੇ ਦੇ ਕਰੀਬ ਦੋ ਲੁਟੇਰਿਆਂ ਨੇ ਘਰ ਵਿਚ ਦਾਖਲ ਹੋ ਕੇ ਪਿਸਤੌਲ ਦੀ ਨੋਕ ‘ਤੇ ਬਜ਼ੁਰਗ ਗੁਰਸਿੱਖ ਬਲਦੇਵ ਸਿੰਘ ਅਤੇ ਉਸ ਦੀ ਪਤਨੀ ਕਸ਼ਮੀਰ ਕੌਰ ਦਾ ਮੂੰਹ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਪਰ ਬਲਦੇਵ ਸਿੰਘ ਨੇ ਹਿੰਮਤ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ ਅਤੇ ਇੱਕ ਲੁਟੇਰੇ ਨੂੰ ਆਪਣੀ ਬਾਂਹ ਵਿੱਚ ਫੜ ਲਿਆ।ਇਸ ਦੌਰਾਨ ਇਹ ਲੁਟੇਰਾ ਬਜ਼ੁਰਗ ਦੇ ਸਿਰ ਅਤੇ ਬਾਹਾਂ ‘ਤੇ ਪਿਸਤੌਲ ਦਾ ਬੱਟ ਮਾਰਦਾ ਰਿਹਾ, ਜਿਸ ਕਾਰਨ ਬਜ਼ੁਰਗ ਬਲਦੇਵ ਸਿੰਘ ਦੇ ਸਿਰ ਅਤੇ ਬਾਹਾਂ ‘ਚੋਂ ਖੂਨ ਵਹਿਣ ਲੱਗਾ ਪਰ ਉਸ ਨੇ ਲੁਟੇਰੇ ਨੂੰ ਨਹੀਂ ਛੱਡਿਆ ਤਾਂ ਦੂਜੇ ਲੁਟੇਰੇ ਨੇ ਉਸ ਨੂੰ ਗੋਲੀ ਚਲਾਉਣ ਲਈ ਕਿਹਾ, ਪਰ ਉਸ ਨੇ ਗੋਲੀ ਚਲਾਉਣ ਤੋਂ ਇਨਕਾਰ ਕਰ ਦਿੱਤਾ, ਇਸ ਦੌਰਾਨ ਪਿਸਤੌਲ ਦਾ ਮੈਗਜ਼ੀਨ ਜ਼ਮੀਨ ‘ਤੇ ਡਿੱਗ ਗਿਆ, ਜਿਸ ਤੋਂ ਬਾਅਦ ਲੁਟੇਰਾ ਗੋਲੀਆਂ ਨਾਲ ਭਰਿਆ ਮੈਗਜ਼ੀਨ ਛੱਡ ਕੇ ਭੱਜ ਗਿਆ।
ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮੈਗਜ਼ੀਨ ਨੂੰ ਕਬਜ਼ੇ ‘ਚ ਲੈ ਲਿਆ। ਗੁਰਦੁਆਰਾ ਸਾਹਿਬ ‘ਚ ਲੱਗੇ ਕੈਮਰਿਆਂ ਤੋਂ ਲੁਟੇਰਿਆਂ ਦੀ ਸਾਫ ਪਛਾਣ ਹੋ ਰਹੀ ਹੈ, ਜਿਸ ਦੇ ਆਧਾਰ ‘ਤੇ ਪੁਲਸ ਨੇ ਕੁਝ ਲੋਕਾਂ ਨੂੰ ਹਿਰਾਸਤ ‘ਚ ਲੈਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੀ ਮੰਗ ਹੈ ਕਿ ਲੁਟੇਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਮੁੜ ਅਜਿਹੀ ਘਿਨੌਣੀ ਹਰਕਤ ਨਾ ਕਰ ਸਕਣ।