ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ ਦੋ ਅਧੀਨ ਆਉਂਦੇ ਸਿਵਲ ਹਸਪਤਾਲ ਵਿੱਚ ਇੱਕ ਹਫ਼ਤੇ ਦੌਰਾਨ ਹਿੰਸਾ ਦੀ ਤੀਜੀ ਘਟਨਾ ਸਾਹਮਣੇ ਆਈ ਹੈ। ਰਾਤ ਕਰੀਬ 10:45 ਵਜੇ ਹਸਪਤਾਲ ਦੀ ਪੁਲੀਸ ਚੌਕੀ ਦੇ ਬਾਹਰ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ। ਇਕ ਦੂਜੇ ‘ਤੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ ਹਮਲਾ ਕੀਤਾ। ਪੁਲੀਸ ਚੌਕੀ ਦੇ ਬਾਹਰ ਲੜਾਈ-ਝਗੜਾ ਹੁੰਦਾ ਰਿਹਾ, ਪਰ ਰੌਲਾ ਸੁਣ ਕੇ ਪੁਲੀਸ ਚੌਕੀ ਦੇ ਅੰਦਰੋਂ ਕੋਈ ਵੀ ਅਧਿਕਾਰੀ ਬਾਹਰ ਨਾ ਆਇਆ ਤਾਂ ਮਾਮਲਾ ਵਧਣ ’ਤੇ ਹੰਗਾਮੀ ਹਾਲਤ ਵਿੱਚ ਤਾਇਨਾਤ ਦੋ ਪੁਲੀਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਹਸਪਤਾਲ ਵਿੱਚ ਸ਼ਰੇਆਮ ਲੜਾਈ ਦੀ ਘਟਨਾ ਨੇ ਪੁਲੀਸ ਦੀ ਢਿੱਲਮੱਠ ਦਾ ਪਰਦਾਫਾਸ਼ ਕਰ ਦਿੱਤਾ ਹੈ। ਮੱਥੇ ‘ਤੇ ਇੱਟ ਵੱਜਣ ਨਾਲ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਡਾਕਟਰਾਂ ਨੇ ਸੀ.ਐੱਮ.ਸੀ ਹਸਪਤਾਲ ਰੈਫਰ ਕਰ ਦਿੱਤਾ, ਜਾਣਕਾਰੀ ਦਿੰਦੇ ਹੋਏ ਇਫਤਕਾਰ ਨੇ ਦੱਸਿਆ ਕਿ ਉਹ ਗੁਰਮੇਲ ਪਾਰਕ ਨੇੜੇ ਰਹਿੰਦਾ ਹੈ। ਅੱਜ ਗੁਆਂਢ ‘ਚ ਰਹਿੰਦੇ ਪਿਓ-ਪੁੱਤ ਨੇ ਗਲੀ ‘ਚ ਮਦਨ ਨਾਂ ਦੇ ਵਿਅਕਤੀ ‘ਤੇ ਅਚਾਨਕ ਹਮਲਾ ਕਰ ਦਿੱਤਾ। ਮਦਨ ਦਾ ਸਿਰ ਤੇ ਸੱਟ ਲਗੀ, ਜਿਸ ਕਾਰਨ ਮੁਹੰਮਦ ਸਾਨੂ ਉਸ ਨੂੰ ਮੈਡੀਕਲ ਚੈੱਕਅਪ ਲਈ ਸਿਵਲ ਹਸਪਤਾਲ ਲੈ ਕੇ ਆਇਆ। ਹਮਲਾਵਰ ਪਿਓ-ਪੁੱਤ ਸਿਵਲ ਹਸਪਤਾਲ ਪੁੱਜੇ। ਉਨ੍ਹਾਂ ਨੇ ਅਚਾਨਕ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ ਨਾਲ ਕੁਝ ਹਥਿਆਰਬੰਦ ਲੋਕ ਵੀ ਸਨ। ਇੱਟ ਵੱਜਣ ਕਾਰਨ ਸਾਨੂ ਦਾ ਮੱਥੇ ਤੇ ਸੱਟ ਲੱਗ ਗਈ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਸੀਐਮਸੀ ਰੈਫ਼ਰ ਕਰ ਦਿੱਤਾ ਸੀ। ਉਹ ਇਕ ਧਿਰ ਦਾ ਇਲਾਜ ਕਰਵਾਉਣ ਲਈ ਹਸਪਤਾਲ ਆਇਆ ਸੀ ਪਰ ਇਸੇ ਦੌਰਾਨ ਦੂਜੀ ਧਿਰ ਦੇ ਦੋ ਵਿਅਕਤੀਆਂ ਨੇ ਇੱਟਾਂ-ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਫਿਲਹਾਲ ਦੋਵਾਂ ਧਿਰਾਂ ਦੀ ਮੈਡੀਕਲ ਜਾਂਚ ਮੁਕੰਮਲ ਕਰ ਲਈ ਗਈ ਹੈ। ਦੋਵੇਂ ਧਿਰਾਂ ਥਾਣਾ ਟਿੱਬਾ ਵਿੱਚ ਸ਼ਿਕਾਇਤਾਂ ਦੇ ਰਹੀਆਂ ਹਨ। ਕਰੀਬ 5 ਦਿਨ ਪਹਿਲਾਂ ਰਾਤ ਕਰੀਬ 1 ਵਜੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਦੌਰਾਨ ਇਲਾਜ ਲਈ ਆਈਆਂ ਦੋ ਧਿਰਾਂ ਆਪਸ ਵਿੱਚ ਭਿੜ ਗਈਆਂ ਸਨ। ਜਿਸ ਦੀ ਵੀਡੀਓ ਸਾਹਮਣੇ ਆਈ ਹੈ। ਹਸਪਤਾਲ ਵਿੱਚ ਔਰਤਾਂ ਦੀ ਕੁੱਟਮਾਰ ਵੀ ਕੀਤੀ ਗਈ। ਬਾਬਾ ਥਾਨ ਸਿੰਘ ਚੌਕ ਇਲਾਕੇ ਦੇ ਰਹਿਣ ਵਾਲੇ ਇੱਕ ਨੌਜਵਾਨ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ। ਜਿਸ ਤੋਂ ਬਾਅਦ ਉਹ ਅਤੇ ਉਸਦੇ ਸਹੁਰੇ ਇਲਾਜ ਲਈ ਸਿਵਲ ਹਸਪਤਾਲ ਪਹੁੰਚੇ। ਜਿੱਥੇ ਝਗੜੇ ਤੋਂ ਬਾਅਦ ਦੋਵਾਂ ਧਿਰਾਂ ਨੇ ਇੱਕ ਦੂਜੇ ਦੀ ਜ਼ਬਰਦਸਤ ਕੁੱਟਮਾਰ ਕੀਤੀ। ਇਸੇ ਤਰ੍ਹਾਂ 23 ਅਕਤੂਬਰ ਦੀ ਰਾਤ ਨੂੰ ਸ਼ੇਰਪੁਰ ਚੌਕ ਨੇੜੇ ਟੈਕਸੀ ਚਾਲਕਾਂ ਵਿਚਾਲੇ ਝੜਪ ਹੋ ਗਈ ਸੀ। ਮਾਮਲਾ ਇੰਨਾ ਵੱਧ ਗਿਆ ਸੀ ਕਿ ਸਿਵਲ ਹਸਪਤਾਲ ਦੇ ਮੁੱਖ ਗੇਟ ਦੇ ਬਾਹਰ ਕਾਫੀ ਹੰਗਾਮਾ ਹੋ ਗਿਆ। ਨੌਜਵਾਨਾਂ ਨੇ ਸ਼ਰੇਆਮ ਇੱਟਾਂ ਅਤੇ ਪੱਥਰ ਸੁੱਟੇ ਸਨ। ਹਸਪਤਾਲ ਵਿੱਚ ਲਗਾਤਾਰ ਵੱਧ ਰਹੀਆਂ ਵਾਰਦਾਤਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਚੁੱਪ ਹੈ।