Sunday, October 20, 2024
spot_img

ਪੰਜਾਬ ਪੁਲਿਸ ਵੱਲੋਂ ਬੰਬੀਹਾ-ਕੌਸ਼ਲ ਗੈਂਗ ਦੇ ਪੰਜ ਮੈਂਬਰ ਗ੍ਰਿਫਤਾਰ, ਮਿੱਥ ਕੇ ਕਤਲ ਕਰਨ ਦੀਆਂ ਤਿੰਨ ਸੰਭਾਵਿਤ ਘਟਨਾਵਾਂ ਨੂੰ ਟਾਲਿਆ !

Must read

ਜਲੰਧਰ, 20 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਚੋਂ ਸੰਗਠਿਤ ਅਪਰਾਧਾਂ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਤਹਿਤ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਬੰਬੀਹਾ-ਕੌਸ਼ਲ ਗਿਰੋਹ ਦੇ ਪੰਜ ਮੁੱਖ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਮਿੱਥ ਕੇ ਕਤਲ ਦੀਆਂ ਤਿੰਨ ਸੰਭਾਵਿਤ ਘਟਨਾਵਾਂ ਨੂੰ ਨਾਕਾਮ ਕਰ ਦਿੱਤਾ।

ਇਹ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਇੱਥੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਜਲੰਧਰ ਦੇ ਪਿੰਡ ਬੋਪਾਰਾਏ ਕਲਾਂ ਦੇ ਜਸਪ੍ਰੀਤ ਸਿੰਘ ਉਰਫ ਜੱਸਾ, ਹੁਸ਼ਿਆਰਪੁਰ ਦੇ ਪਿੰਡ ਗਰਾਜ ਮਹਿਦੂਦ ਦੇ ਹਰਸ਼ਦੀਪ ਸਿੰਘ, ਤਰਨਤਾਰਨ ਦੇ ਪਿੰਡ ਮੁਰਾਦਪੁਰ ਦੇ ਸ਼ੇਖਰ, ਨਿਊ ਮਾਡਲ ਹਾਊਸ ,ਜਲੰਧਰ ਦੇ ਗਗਨਦੀਪ ਸਿੰਘ ਉਰਫ ਗਿੰਨੀ ਬਾਜਵਾ ਅਤੇ ਜਲੰਧਰ ਦੇ ਪਿੰਡ ਬੰਬੀਆਂ ਵਾਲ ਦੇ ਅਮਿਤ ਸਹੋਤਾ ਵਜੋਂ ਹੋਈ ਹੈ। ਪੁਲੀਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਕੁੱਲ 9 ਹਥਿਆਰ ਜਿਨ੍ਹਾਂ ਵਿੱਚ ਅੱਠ ਪਿਸਤੌਲਾਂ ਅਤੇ ਇੱਕ ਰਿਵਾਲਵਰ ਸ਼ਾਮਲ ਹੈ, ਸਮੇਤ 15 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਫਿਰੌਤੀ, ਕਤਲ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਕਈ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।

ਡੀਜੀਪੀ ਨੇ ਦੱਸਿਆ ਕਿ ਗਿਰੋਹ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਉਨ੍ਹਾਂ ਦੇ ਵਿਆਪਕ ਨੈਟਵਰਕ ਦਾ ਪਰਦਾਫਾਸ਼ ਕਰਨ ਅਤੇ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।

ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਪੁਲੀਸ ਕਮਿਸ਼ਨਰ (ਸੀ.ਪੀ.) ਜਲੰਧਰ ਸਵਪਨ ਸ਼ਰਮਾ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਪੁਖ਼ਤਾ ਇਤਲਾਹ ਮਿਲੀ ਸੀ ਕਿ ਬੰਬੀਹਾ-ਕੌਸ਼ਲ ਗਿਰੋਹ ਦੇ ਮੈਂਬਰਾਂ ਵੱਲੋਂ ਸੂਬੇ ਵਿੱਚ ਵੱਡੀ ਅਪਰਾਧਿਕ ਗਤੀਵਿਧੀ ਸਬੰਧੀ ਯੋਜਨਾ ਬਣਾਈ ਜਾ ਰਹੀ ਹੈ, ਇਸ ’ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਬੀ.ਐਸ.ਐਫ. ਚੌਕ ਵਿੱਚ ਨਾਕਾ ਲਗਾਇਆ ਅਤੇ ਤਿੰਨ ਮੁਲਜ਼ਮਾਂ – ਜਸਪ੍ਰੀਤ ਜੱਸਾ, ਹਰਸ਼ਦੀਪ ਅਤੇ ਸ਼ੇਖਰ ਨੂੰ 6 ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ।

ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਇਸ ਗਿਰੋਹ ਦੇ ਦੋ ਹੋਰ ਮੈਂਬਰ ਗਗਨਦੀਪ ਗਿੰਨੀ ਅਤੇ ਅਮਿਤ ਸਹੋਤਾ ਨੂੰ ਵੀ ਤਿੰਨ ਹਥਿਆਰਾਂ ਸਮੇਤ ਭਾਰਗੋ ਕੈਂਪ ਨੇੜਲੇ ਨਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ । ਉਨ੍ਹਾਂ ਕਿਹਾ ਕਿ ਹੋਰ ਪੁੱਛਗਿੱਛ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਹੋਣ ਦੀ ਆਸ ਹੈ।

ਇਸ ਸਬੰਧੀ ਐਫ.ਆਈ.ਆਰ. ਨੰਬਰ 253 ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਨਵੀਂ ਬਾਰਾਦਰੀ, ਜਲੰਧਰ ਅਤੇ ਐਫ.ਆਈ.ਆਰ. ਨੰਬਰ 100 ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਭਾਰਗੋ ਕੈਂਪ, ਜਲੰਧਰ ਵਿਖੇ ਦਰਜ ਕੀਤੇ ਗਏ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article