ਸਮਰਾਲਾ ਦੇ ਨਜਦੀਕ ਗੜ੍ਹੀ ਨਹਿਰ ਦੇ ਪੁਲ ‘ਤੇ ਇਕ ਸਕੂਲ ਮਾਲਕ ‘ਤੇ ਗੋਲੀਬਾਰੀ ਕੀਤੀ ਗਈ। ਜਿਸ ਕਾਰਨ ਫਾਰਚੂਨਰ ਕਾਰ ‘ਚ ਸਫਰ ਕਰ ਰਹੇ ਸਕੂਲ ਮਾਲਕ ਦੀ ਗਰਦਨ ‘ਤੇ ਗੋਲੀ ਲੱਗੀ ਹੈ। ਗੋਲੀਬਾਰੀ ਕਰਨ ਤੋਂ ਬਾਅਦ ਆਈ-20 ਕਾਰ ‘ਚ ਸਵਾਰ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਨੂੰ ਜ਼ਖ਼ਮੀ ਬਲਦੇਵ ਸਿੰਘ ਵਾਸੀ ਚੰਡੀਗੜ੍ਹ ਨੂੰ ਸਿਵਲ ਹਸਪਤਾਲ ਸਮਰਾਲਾ ‘ਚ ਦਾਖ਼ਲ ਕਰਵਾਇਆ ਗਿਆ। ਉਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਸੈਕਟਰ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਬਲਦੇਵ ਸਿੰਘ ਦਾ ਸਮਰਾਲਾ ਵਿੱਚ ਇੱਕ ਨਾਮਵਰ ਪ੍ਰਾਈਵੇਟ ਸਕੂਲ ਹੈ। ਉਹ ਆਪਣੀ ਫਾਰਚੂਨਰ ਕਾਰ ਵਿੱਚ ਮਾਛੀਵਾੜਾ ਸਾਹਿਬ ਤੋਂ ਸਮਰਾਲਾ ਆ ਰਿਹਾ ਸੀ। ਗੜ੍ਹੀ ਨਹਿਰ ਦੇ ਪੁਲ ‘ਤੇ ਪਿੱਛੇ ਤੋਂ ਆ ਰਹੀ ਆਈ-20 ਕਾਰ ਤੋਂ ਗੋਲੀਬਾਰੀ ਹੋਈ। ਫਾਰਚੂਨਰ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਬਲਦੇਵ ਸਿੰਘ ਦੇ ਮੋਬਾਈਲ ਫ਼ੋਨ ‘ਚ ਗੋਲੀ ਲੱਗਣ ਨਾਲ ਉਸ ਦੀ ਗਰਦਨ ‘ਚ ਸੱਟ ਲੱਗ ਗਈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐੱਸਪੀ (ਆਈ) ਸੌਰਵ ਜਿੰਦਲ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਮਾਛੀਵਾੜਾ ਸਾਹਿਬ, ਸਮਰਾਲਾ ਅਤੇ ਸੀਆਈਏ ਸਟਾਫ਼ ਦੀਆਂ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਐਸਪੀ ਨੇ ਦੱਸਿਆ ਕਿ ਜ਼ਖਮੀ ਬਲਦੇਵ ਸਿੰਘ ਦੇ ਬਿਆਨ ਦਰਜ ਕਰਕੇ ਐਫਆਈਆਰ ਦਰਜ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਗੋਲੀਬਾਰੀ ਕਿਉਂ ਕੀਤੀ ਗਈ।