ਕਾਮੇਡੀਅਨ ਕਪਿਲ ਸ਼ਰਮਾ ਕੱਲ੍ਹ ਆਪਣੀ ਟੀਮ ਨਾਲ ਅੰਮ੍ਰਿਤਸਰ ਪਹੁੰਚੇ। ਉਹ ਟੀਮ ਦੇ 41 ਮੈਂਬਰਾਂ ਨਾਲ ਵਾਹਗਾ ਗਏ ਅਤੇ ਇਸ ਤੋਂ ਬਾਅਦ ਟੀਮ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ।
ਦੱਸ ਦਈਏ ਕਪਿਲ ਸ਼ਰਮਾ ਦਾ ਨਵਾਂ ਸੀਜ਼ਨ 2 ਨੈੱਟਫਲਿਕਸ ‘ਤੇ ਆ ਰਿਹਾ ਹੈ, ਜਿਸ ਦਾ ਟ੍ਰੇਲਰ ਦੋ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਹਾਲਾਂਕਿ ਇਸ ਦਾ ਸੀਜ਼ਨ ਵਨ OTT ‘ਤੇ ਕੁਝ ਖਾਸ ਨਹੀਂ ਕਰ ਸਕਿਆ, ਪਰ ਹੁਣ ਇਸ ਨੂੰ ਸੀਜ਼ਨ 2 ਤੋਂ ਕਾਫੀ ਉਮੀਦਾਂ ਹਨ।
ਕਪਿਲ ਸ਼ਰਮਾ ਐਤਵਾਰ ਨੂੰ ਆਪਣੇ ਸ਼ੋਅ ਦੇ 6 ਅਦਾਕਾਰਾਂ, 3 ਨਿਰਦੇਸ਼ਕਾਂ ਅਤੇ 21 ਕਰੂ ਮੈਂਬਰਾਂ ਨਾਲ ਗੁਰੂ ਨਗਰੀ ਪਹੁੰਚੇ। ਇਸ ਦੌਰਾਨ ਟੀਮ ਨੇ ਦਿਨ ਵੇਲੇ ਕਈ ਥਾਵਾਂ ਦਾ ਦੌਰਾ ਕੀਤਾ ਅਤੇ ਸ਼ਾਮ ਨੂੰ ਅਟਾਰੀ ਬਾਰਡਰ ‘ਤੇ ਰੀਟਰੀਟ ਸਮਾਰੋਹ ਨੂੰ ਦੇਖਿਆ। ਇਸ ਤੋਂ ਬਾਅਦ ਬੀਐਸਐਫ ਦੇ ਪਰਿਵਾਰਾਂ ਨਾਲ ਦੇਰ ਸ਼ਾਮ ਤੱਕ ਮੀਟਿੰਗ ਹੋਈ। ਇਸ ਦੌਰਾਨ ਉਨ੍ਹਾਂ ਬੀ.ਐਸ.ਐਫ ਦੇ ਜਵਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਉਹ ਸ਼ਾਂਤੀ ਨਾਲ ਰਹਿ ਸਕਦੇ ਹਨ, ਜਿਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ।
ਕਪਿਲ ਤੋਂ ਇਲਾਵਾ ਟੀਮ ‘ਚ ਅਰਚਨਾ ਪੂਰਨ ਸਿੰਘ, ਕੁੱਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ, ਸੁਨੀਲ ਗਰੋਵਰ ਅਤੇ ਨਿਰਦੇਸ਼ਕਾਂ ਸਮੇਤ ਕੁੱਲ 41 ਲੋਕ ਸ਼ਾਮਲ ਹਨ। ਸਰਹੱਦ ‘ਤੇ ਰਿਟਰੀਟ ਦੇਖਣ ਤੋਂ ਬਾਅਦ ਉਕਤ ਲੋਕਾਂ ਨੇ ਬੀ.ਐੱਸ.ਐੱਫ. ਦੀ ਗੈਲਰੀ ਦੇਖੀ ਅਤੇ ਜ਼ੀਰੋ ਲਾਈਨ ਦਾ ਦੌਰਾ ਵੀ ਕੀਤਾ। ਪਹਿਲੀ ਵਾਰ ਸਰਹੱਦ ਦੇਖਣ ਆਈ ਅਰਚਨਾ ਪੂਰਨ ਸਿੰਘ ਨੇ ਜਵਾਨਾਂ ਦੀ ਪਰੇਡ ਅਤੇ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਕਿਹਾ ਕਿ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੋਇਆ। ਤੁਸੀਂ ਸਾਰੇ ਅਜਿਹੇ ਹੀ ਰੌਚਕ ਢੰਗ ਨਾਲ ਹੱਸਦੇ-ਮੁਸਕਰਾਉਂਦੇ ਰਹੋ। ਕਪਿਲ ਸ਼ਰਮਾ ਅਤੇ ਹੋਰ ਕਲਾਕਾਰਾਂ ਨੇ ਵੀ ਪਰੇਡ ਦਾ ਆਨੰਦ ਮਾਣਿਆ। ਇਸ ਤੋਂ ਬਾਅਦ ਇੱਥੋਂ ਟੀਮ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਗੇਟ-ਟੂ-ਗੈਦਰ ਪ੍ਰੋਗਰਾਮ ਵਿੱਚ ਗਈ।