ਲੁਧਿਆਣਾ, 7 ਸਤੰਬਰ : ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਸ਼ਨੀਵਾਰ ਦੁਪਹਿਰ ਨੂੰ ਉਸ ਸਮੇਂ ਹਾਈਵੋਲਟੇਜ ਡਰਾਮਾ ਹੋਇਆ, ਜਦੋਂ ਪੁਲੀਸ ਨਾਬਾਲਿਗ ਜਬਰ ਜਨਾਹ ਪੀੜਤਾ ਅਤੇ ਉਸਦੇ ਪਰਿਵਾਰ ਦਾ ਸਮਰਥਨ ਕਰਨ ਵਾਲੇ ਵਿਅਕਤੀ ਸੋਨੂੰ ਪਹਿਲਵਾਨ ਨੂੰ ਪੁਲੀਸ ਧਰਨੇ ਤੋਂ ਚੁੱਕਣ ਲਈ ਪਹੁੰਚੀ। ਜਦੋਂ ਪੀੜਤ ਪਰਿਵਾਰ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲੀਸ ਨਾਲ ਹੱਥੋਪਾਈ ਹੋ ਗਈ। ਇੱਕ ਵਾਰ ਤਾਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਦਾ ਸਮਾਨ ਚੁੱਕ ਲਿਆ ਸੀ, ਪਰ ਜਦੋਂ ਪੀੜਤ ਪਰਿਵਾਰ ਨੇ ਪੁਲੀਸ ਦਾ ਵਿਰੋਧ ਕੀਤਾ ਅਤੇ ਕਾਰ ਅੱਗੇ ਲੇਟ ਗਏ ਤਾਂ ਪੁਲੀਸ ਨੇ ਕਾਰ ਵਿੱਚੋਂ ਸਮਾਨ ਚੁੱਕ ਲਿਆ। ਹਾਲਾਂਕਿ ਜਿਸ ਸੋਨੂੰ ਪਹਿਲਵਾਨ ਨੂੰ ਪੁਲੀਸ ਗ੍ਰਿਫਤਾਰ ਕਰਨ ਆਈ ਸੀ, ਉਹ ਉਥੋਂ ਫਰਾਰ ਹੋ ਗਿਆ। ਸੋਨੂੰ ਪਹਿਲਵਾਨ ਥਾਣਾ ਡਾਬਾ ਵਿੱਚ ਦਰਜ ਇੱਕ ਕੇਸ ਵਿੱਚ ਪੁਲੀਸ ਨੂੰ ਲੋੜੀਂਦਾ ਹੈ।
ਪੀੜਤ ਪਰਿਵਾਰ ਪਿਛਲੇ ਚਾਰ ਦਿਨਾਂ ਤੋਂ ਪੁਲੀਸ ਕਮਿਸ਼ਨਰ ਦਫ਼ਤਰ ਦੇ ਮੁੱਖ ਗੇਟ ਦੇ ਬਾਹਰ ਧਰਨੇ ’ਤੇ ਬੈਠਾ ਹੈ। ਕਮਿਸ਼ਨਰ ਦਫ਼ਤਰ ਦੇ ਬਾਹਰ ਪੀੜਤ ਪਰਿਵਾਰ ’ਤੇ ਹੋਏ ਹਮਲੇ ਦੌਰਾਨ ਸੋਨੂੰ ਪਹਿਲਵਾਨ ਉੱਥੇ ਮੌਜੂਦ ਸੀ ਅਤੇ ਉਸ ਨੇ ਹੀ ਹਮਲਾ ਕਰਨ ਵਾਲੀ ਔਰਤ ਨੂੰ ਕਾਬੂ ਕੀਤਾ ਸੀ। ਸ਼ਨੀਵਾਰ ਸਵੇਰੇ ਵੀ ਸੋਨੂੰ ਪਹਿਲਵਾਨ ‘ਆਪ’ ਵਿਧਾਇਕਾ ਦਾ ਪੁਤਲਾ ਫੂਕਣ ਸਮੇਂ ਉੱਥੇ ਮੌਜੂਦ ਸੀ ਅਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਸ ਨੇ ਵਿਧਾਇਕਾ ਦੇ ਨਾਲ-ਨਾਲ ਪੁਲੀਸ ’ਤੇ ਵੀ ਦੋਸ਼ ਲਾਏ। ਦੁਪਹਿਰ ਬਾਅਦ ਪੁਲੀਸ ਦੀਆਂ ਗੱਡੀਆਂ ਵੀ ਉਥੇ ਪੁੱਜ ਗਈਆਂ। ਪੁਲੀਸ ਨੇ ਸੋਨੂੰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਪੀੜਤ ਪਰਿਵਾਰ ਅਤੇ ਉਥੇ ਮੌਜੂਦ ਸਾਥੀਆਂ ਨੇ ਵਿਰੋਧ ਕੀਤਾ। ਇਸ ਦੌਰਾਨ ਕਾਫੀ ਹੰਗਾਮਾ ਹੋਇਆ ਅਤੇ ਪੁਲੀਸ ਨਾਲ ਹੱਥੋਪਾਈ ਵੀ ਹੋਈ। ਇਸ ਦੌਰਾਨ ਪੀੜਤ ਪਰਿਵਾਰ ਦੀਆਂ ਔਰਤਾਂ ਨੇ ਪੁਲੀਸ ਦੀ ਗੱਡੀ ਅੱਗੇ ਲੇਟ ਕੇ ਪੁਲੀਸ ’ਤੇ ਕਈ ਤਰ੍ਹਾਂ ਦੇ ਦੋਸ਼ ਵੀ ਲਾਏ। ਇਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਨਾਲ ਬਹਿਸ ਹੋ ਗਈ ਅਤੇ ਪੁਲੀਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਧਰਨਾ ਚੁੱਕਣ ਨਹੀਂ ਬਲਕਿ ਸੋਨੂੰ ਪਹਿਲਵਾਨ ਨੂੰ ਕਾਬੂ ਕਰਨ ਆਏ ਸਨ। ਜਿਸ ਦੇ ਖਿਲਾਫ ਥਾਣਾ ਡਾਬਾ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਹ ਪੁਲੀਸ ਨੂੰ ਲੋੜੀਂਦਾ ਹੈ। ਜਦੋਂ ਸੋਨੂੰ ਪਹਿਲਵਾਨ ਨੂੰ ਪਤਾ ਲੱਗਾ ਕਿ ਪੁਲੀਸ ਉਸ ਨੂੰ ਕਾਬੂ ਕਰਨ ਆਈ ਹੈ ਤਾਂ ਉਹ ਝਗੜੇ ਦਾ ਫਾਇਦਾ ਉਠਾ ਕੇ ਉਥੋਂ ਫ਼ਰਾਰ ਹੋ ਗਿਆ। ਸੋਨੂੰ ਪਹਿਲਵਾਨ ਦੇ ਲਾਪਤਾ ਹੋਣ ਤੋਂ ਬਾਅਦ ਪੁਲੀਸ ਵੀ ਉਥੋਂ ਚਲੀ ਗਈ। ਜਿਸ ਤੋਂ ਬਾਅਦ ਪੀੜਤ ਪਰਿਵਾਰ ਮੁੜ ਧਰਨੇ ’ਤੇ ਬੈਠ ਗਿਆ। ਚੌਕੀ ਕੋਚਰ ਮਾਰਕੀਟ ਦੇ ਇੰਚਾਰਜ ਐਸਆਈ ਧਰਮਪਾਲ ਨੇ ਦੱਸਿਆ ਕਿ ਸੋਨੂੰ ਪਹਿਲਵਾਨ ਖ਼ਿਲਾਫ਼ ਥਾਣਾ ਡਾਬਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਉਹ ਇਸ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦਾ ਹੈ। ਪੁਲੀਸ ਉਸ ਨੂੰ ਕਾਬੂ ਕਰਨ ਲਈ ਆਈ ਸੀ ਪਰ ਉਹ ਫਿਰ ਪੁਲੀਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।