ਬੀਤੇ ਦਿਨ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਸੁਸਾਇਟੀ ਨੇ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣਾ ਜਾਨਸ਼ੀਨ ਚੁਣੇ ਸਬੰਧੀ ਸੂਚਨਾ ਜਾਰੀ ਕੀਤੀ ਸੀ। ਜਿਸ ਉਪਰੰਤ ਅੱਜ ਡੇਰਾ ਸਤਿਸੰਗ ਬਿਆਸ ਵਿਚ ਹਜ਼ਾਰਾਂ ਤਦਾਦ ਵਿਚ ਸੰਗਤ ਪਹੁੰਚੀ। ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਨਵ ਨਿਯੁਕਤ ਮੁਖੀ ਜਸਦੀਪ ਸਿੰਘ ਗਿੱਲ ਨੂੰ ਇਕੱਠੇ ਮੰਚ ‘ਤੇ ਬੈਠੇ ਦੇਖ ਸੰਗਤਾਂ ਭਾਵੁਕ ਹੋ ਗਈਆਂ।
ਦੱਸ ਦਈਏ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਸੁਸਾਇਟੀ ਬਿਆਸ ਦੇ ਸੈਕਟਰੀ ਦਵਿੰਦਰ ਕੁਮਾਰ ਸੀਕਰੀ ਵੱਲੋਂ ਮਿਤੀ 2 ਸਤੰਬਰ 2024 ਪੱਤਰ ਨੰਬਰ ਏ ਐਮ/ਡੀ ਕੇ ਐੱਸ/7/61/87 ਜਾਰੀ ਕਰਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋ ਆਪਣਾ ਜਾਨਸ਼ੀਨ ਜਸਦੀਪ ਸਿੰਘ ਗਿੱਲ 45 ਸਾਲ ਨੂੰ ਨਿਯੁਕਤ ਕਰਕੇ ਸਾਰੀਆਂ ਜ਼ਿੰਮੇਵਾਰੀਆਂ ਅਤੇ ਅਗਲੇ ਮੁਖੀ ਨਿਯੁਕਤ ਕਰ ਦਿੱਤਾ ਗਿਆ ਸੀ ਪਰ ਦੇਰ ਰਾਤ ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਦੁਬਾਰਾ ਸੋਧ ਕਰਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮੁਖੀ ਅਤੇ ਜਸਦੀਪ ਸਿੰਘ ਗਿੱਲ ਨੂੰ ਕਾਰਜਕਾਰੀ ਮੁਖੀ ਦੇ ਤੌਰ ਇਕੱਠਿਆਂ ਜ਼ਿੰਮੇਵਾਰ ਨਿਭਾਉਣ ਸਬੰਧੀ ਸਪੱਸ਼ਟ ਕਰ ਦਿੱਤਾ ਗਿਆ ਸੀ। ਪਰ ਇਸ ਅਚਾਨਕ ਕੀਤੇ ਗਏ ਐਲਾਨ ਕਰਕੇ ਸੰਗਤਾਂ ਵਿਚ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਹੋ ਰਹੇ ਸਨ ਜਿਸ ਕਾਰਨ ਕੱਲ੍ਹ ਸ਼ਾਮ ਤੋਂ ਹੀ ਵੱਡੀ ਗਿਣਤੀ ‘ਚ ਸੰਗਤ ਡੇਰਾ ਬਿਆਸ ਵਿਖੇ ਆਉਣੀ ਸ਼ੁਰੂ ਹੋ ਗਈ ਸੀ।
ਡੇਰਾ ਦੇ ਪ੍ਰਬੰਧਕਾ ਵੱਲੋਂ ਸੰਗਤਾਂ ਨੂੰ ਰੋਕਣ ਲਈ ਆਪਣੇ ਸਾਰੇ ਤਰੀਕੇ ਵਰਤੇ ਗਏ ਪਰ ਫ਼ੇਰ ਵੀ ਅੱਜ ਸਵੇਰ ਤੱਕ ਵੱਡੀ ਤਾਦਾਦ ਵਿੱਚ ਸੰਗਤਾਂ ਆਪਣੇ ਵਹੀਕਲਾਂ ਅਤੇ ਬੱਸਾਂ ਰਾਹੀ ਇੱਥੇ ਪੁੱਜ ਗਈਆਂ। ਸੰਗਤਾਂ ਨੇ ਕਿਹਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਅਚਾਨਕ ਇਸ ਫ਼ੈਸਲੇ ਨਾਲ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਅਤੇ ਯਕੀਨ ਨਹੀਂ ਆ ਰਿਹਾ ਸੀ। ਅੱਜ ਸਵੇਰੇ ਸਤਿਸੰਗ ਵਿਚ ਮੌਜੂਦ ਹਰ ਇੱਕ ਸ਼ਰਧਾਲੂ ਦੀਆ ਅੱਖਾਂ ਨਮੀ ਨਾਲ ਭਰੀਆਂ ਪਈਆਂ ਸਨ। ਮਿਲੀ ਜਾਣਕਾਰੀ ਅਨੁਸਾਰ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਅੱਜ ਮੰਚ ‘ਤੇ ਇਕੱਠੇ ਪਹੁੰਚੇ। ਦੋ ਵੱਖ-ਵੱਖ ਗੱਦੀਆਂ ਤੇ ਦੋਨਾਂ ਨੂੰ ਇਕੱਠੇ ਮੰਚ ‘ਤੇ ਬੈਠ ਦੇਖ ਕੇ ਸੰਗਤ ਭਾਵੁਕ ਹੋ ਗਈ। ਅੱਜ ਦੇ ਸਤਿਸੰਗ ਦਾ ਵਿਸ਼ਾ ਗੁਰੂ ਸੀ। ਅੱਜ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮੰਚ ਤੋਂ ਕੋਈ ਵੀ ਸ਼ਬਦ ਨਹੀਂ ਬੋਲਿਆ। ਪਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਹਜ਼ੂਰ ਜਸਦੀਪ ਸਿੰਘ ਢਿੱਲੋਂ ਨੂੰ ਪਿੱਠ ਥਾਪੜ ਕੇ ਆਸ਼ੀਰਵਾਦ ਦਿੱਤਾ।
ਮੋਗਾ ਦੇ ਰਹਿਣ ਵਾਲੇ ਜਸਦੀਪ ਸਿੰਘ ਗਿੱਲ ਇਸ ਵੇਲੇ ਦਵਾਈਆਂ ਬਣਾਉਣ ਵਾਲੀ ਕੰਪਨੀ ਸਿਪਲਾ ਵਿੱਚ ਚੀਫ਼ ਸਟਰੈਟਜ਼ੀ ਅਫ਼ਸਰ ਵੱਜੋਂ ਕੰਮ ਕਰ ਰਹੇ ਸਨ। ਸੋਮਵਾਰ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਸ ਦਾ ਐਲਾਨ ਕੀਤਾ। ਤੁਹਾਨੂੰ ਦੱਸ ਦਈਏ ਕਿ ਜਸਦੀਪ ਸਿੰਘ ਗਿੱਲ ਨੇ ਕੈਮਿਕਲ ਇੰਜੀਨੀਅਰਿੰਗ ਵਿੱਚ ਪੀਐਚਡੀ ਕੀਤੀ ਹੈ। ਉਹ 2019 ਤੋਂ 31 ਮਾਰਚ 2024 ਤੱਕ ਸਿਪਲਾ ਕੰਪਨੀ ਵਿੱਚ ਕੰਮ ਕਰ ਰਹੇ ਸਨ। ਉਹ ਰੈਣਬੈਕਸੀ ਕੰਪਨੀ ਵਿੱਚ ਵੀ ਕੰਮ ਕਰ ਰਹੇ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਜਸਦੀਪ ਸਿੰਘ ਮੋਗਾ ਦੇ ਰਹਿਣ ਵਾਲੇ ਹਨ ਤੇ ਉਹ ਬਿਆਸ ਨਾਲ ਕਾਫ਼ੀ ਸਮਾਂ ਤੋਂ ਜੁੜੇ ਹੋਏ ਹਨ। ਉਨ੍ਹਾਂ ਦਾ ਜਨਮ 15 ਮਾਰਚ 1979 ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸੁਖਦੇਵ ਸਿੰਘ ਗਿੱਲ ਹੈ।