ਲੁਧਿਆਣਾ : ਸਥਾਨਕ ਸੀਆਈਏ ਸਟਾਫ਼ ਨੇ ਪੁਲਿਸ ਮੁਕਾਬਲੇ ‘ਚ ਲੁਧਿਆਣਾ ਸਿੰਧੀ ਬੇਕਰਜ਼ ਦੇ ਮਾਲਕ ਅਤੇ ਇਥੋਂ ਦੇ ਕਾਰੋਬਾਰੀ ਉੱਤੇ ਗੋਲੀ ਚਲਾਉਣ ਵਾਲੇ ਦੋ ਸ਼ੂਟਰਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਪੁਲਿਸ ‘ਤੇ ਸ਼ੂਟਰਾਂ ਦਰਮਿਆਨ ਗੋਲੀਬਾਰੀ ’ਚ ਜਖ਼ਮੀ ਦੋਵੇ ਸ਼ੂਟਰਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਲੁਧਿਆਣਾ ਪੁਲਿਸ ਦੀ ਸੂਚਨਾ ਤੇ ਮੋਗਾ ਪੁਲਿਸ ਨੇ ਨਾਕਾਬੰਦੀ ਕੀਤੀ ਅਤੇ ਐਕਟਿਵਾ ਸਵਾਰ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹਨਾਂ ਨੇ ਪੁਲਿਸ ਤੇ ਗੋਲੀ ਚਲਾਈ। ਜਵਾਬ ਵਿੱਚ ਪੁਲਿਸ ਮੁਲਾਜ਼ਮਾਂ ਨੇ ਵੀ ਗੋਲੀ ਚਲਾਈ ਅਤੇ ਇੱਕ ਦੋਸ਼ੀ ਜਗਮੀਤ ਸਿੰਘ ਜ਼ਖਮੀ ਹੋ ਗਿਆ। ਹੁਣ ਜਗਮੀਤ ਤੇ ਦੂਜਾ ਦੋਸ਼ੀ ਵਿਕਾਸ ਪੁਲਿਸ ਦੀ ਹਿਰਾਸਤ ਵਿੱਚ ਹਨ।
ਦੱਸ ਦਈਏ ਕਿ ਬੀਤੀ ਕੱਲ੍ਹ ਮਸ਼ਹੂਰ ਸਿੰਧੀ ਬੇਕਰੀ ਦੀ ਰਾਜਗੁਰੂ ਨਗਰ ਸ਼ਾਖਾ ਵਿੱਚ ਐਕਟਿਵਾ ਸਵਾਰ ਨੌਜਵਾਨਾਂ ਨੇ ਦਿਨ ਦਿਹਾੜੇ ਗੋਲੀ ਚਲਾ ਦਿੱਤੀ। ਇੱਕ-ਇੱਕ ਕਰਕੇ ਤਿੰਨ ਰਾਉਂਡ ਫਾਇਰਿੰਗ ਕਰਕੇ ਗੋਲੀਆਂ ਚਲਾਈਆਂ ਗਈਆਂ। ਬੇਕਰੀ ਮਾਲਕ ਦੀ ਗਰਦਨ ਕੋਲ ਗੋਲੀ ਲੱਗੀ। ਹੈਰਾਨੀ ਦੀ ਗੱਲ ਹੈ ਕਿ ਮੁਲਜ਼ਮਾਂ ਨੇ ਗੋਲੀ ਚਲਾਉਣ ਦੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਵੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਹ ਫਾਇਰ ਮਿਸ ਹੋ ਗਿਆ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਬੇਕਰੀ ਅੰਦਰ ਸਾਮਾਨ ਲੈ ਰਹੇ ਲੋਕ ਅਤੇ ਮਜ਼ਦੂਰ ਡਰ ਗਏ। ਉਥੇ ਭਗਦੜ ਮੱਚ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੁਝ ਹੀ ਮਿੰਟਾਂ ‘ਚ ਮੁਲਜ਼ਮ ਐਕਟਿਵਾ ‘ਤੇ ਭੱਜਣ ‘ਚ ਕਾਮਯਾਬ ਹੋ ਗਿਆ ਸੀ।