ਚੋਣ ਕਮਿਸ਼ਨ ਅੱਜ ਸ਼ੁੱਕਰਵਾਰ ਨੂੰ ਦੋ ਰਾਜਾਂ ਹਰਿਆਣਾ ਅਤੇ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਜਾ ਰਿਹਾ ਹੈ। ਸਾਲ 2019 ‘ਚ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ ਸੀ ਅਤੇ ਬਦਲੇ ਹੋਏ ਹਾਲਾਤਾਂ ‘ਚ ਇੱਥੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਹਾਲਾਂਕਿ ਅਪ੍ਰੈਲ-ਮਈ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਇੱਥੇ ਵੀ ਮਤਦਾਨ ਹੋਇਆ ਸੀ ਅਤੇ ਕਈ ਇਲਾਕਿਆਂ ਵਿੱਚ ਰਿਕਾਰਡ ਤੋੜ ਵੋਟਿੰਗ ਹੋਈ ਸੀ।
ਜੰਮੂ-ਕਸ਼ਮੀਰ ਨੂੰ ਕੇਂਦਰ ਸਰਕਾਰ ਨੇ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਕੇ ਵੰਡ ਦਿੱਤਾ ਸੀ। ਇਹ ਦੋ ਹਿੱਸਿਆਂ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡਿਆ ਗਿਆ ਸੀ। ਜਦੋਂ ਤੋਂ ਸੂਬੇ ਦਾ ਨਕਸ਼ਾ ਬਦਲਿਆ ਗਿਆ ਹੈ, ਉਦੋਂ ਤੋਂ ਇੱਥੇ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਸਿਆਸੀ ਹਲਕਿਆਂ ਵਿੱਚ ਮੰਗ ਉੱਠ ਰਹੀ ਹੈ। ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਅਤੇ ਉਸ ਨੇ ਹਦਾਇਤ ਕੀਤੀ ਕਿ ਇੱਥੇ ਵਿਧਾਨ ਸਭਾ ਚੋਣਾਂ 30 ਸਤੰਬਰ 2024 ਤੋਂ ਪਹਿਲਾਂ ਕਰਵਾਈਆਂ ਜਾਣ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਸਾਲ ਅਪ੍ਰੈਲ-ਮਈ ‘ਚ ਲੋਕ ਸਭਾ ਚੋਣਾਂ ਦੌਰਾਨ ਜੰਮੂ-ਕਸ਼ਮੀਰ ਦੀਆਂ 5 ਸੀਟਾਂ ‘ਤੇ ਵੋਟਿੰਗ ਕਰਵਾਈ ਗਈ ਸੀ, ਜਿਸ ‘ਚ ਵੱਡੀ ਗਿਣਤੀ ‘ਚ ਲੋਕਾਂ ਨੇ ਹਿੱਸਾ ਲਿਆ ਸੀ। ਇੱਥੇ ਕੁੱਲ 58.46 ਫੀਸਦੀ ਵੋਟਾਂ ਪਈਆਂ, ਜੋ 2019 ਦੀਆਂ ਚੋਣਾਂ ਨਾਲੋਂ 18.1 ਫੀਸਦੀ ਵੱਧ ਹਨ। ਸਾਲ 2014 ਵਿੱਚ 49.72 ਫੀਸਦੀ ਵੋਟਾਂ ਪਈਆਂ ਸਨ। ਜਦੋਂ ਕਿ 2019 ਵਿੱਚ 44.97% ਵੋਟਾਂ ਪਈਆਂ ਸਨ।