ਲੁਧਿਆਣਾ ’ਚ ਮੁਸਲਮਾਨ ਤੇ ਸਿੱਖਾਂ ਨੇ ਇਕੱਠੇ ਹੋ ਜਾਮਾ ਮਸਜਿਦ ਵਿੱਚ ਮਨਾਈ ਈਦ

ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਈਦ-ਉਲ-ਜੁਹਾ ਬਕਰੀਦ ਦੀ ਨਮਾਜ਼ ਇਸਲਾਮੀ ਰੀਤੀ-ਰਿਵਾਜਾਂ ਮੁਤਾਬਿਕ ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਅਦਾ ਕਰਵਾਈ। ਇਸ ਮੌਕੇ ਜਾਮਾ ਮਸਜਿਦ ’ਚ ਵੱਖ-ਵੱਖ ਧਰਮਾਂ ਅਤੇ ਸਿਆਸੀ ਜਮਾਤਾਂ ਦੇ ਨੁਮਾਇੰਦੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀਆਂ ਮੁਬਾਰਕਾਂ ਦੇਣ ਪੁੱਜੇ।

0
220

ਮੁਸਲਮਾਨ ਦੇਸ਼ ਦੀ ਰੱਖਿਆ ਲਈ ਕੁਰਬਾਨ ਹੋਣ ਨੂੰ ਤਿਆਰ ਹਨ – ਸ਼ਾਹੀ ਇਮਾਮ
ਦਿ ਸਿਟੀ ਹੈਡਲਾਈਨ
ਲੁਧਿਆਣਾ, 17 ਜੂਨ
ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਈਦ-ਉਲ-ਜੁਹਾ ਬਕਰੀਦ ਦੀ ਨਮਾਜ਼ ਇਸਲਾਮੀ ਰੀਤੀ-ਰਿਵਾਜਾਂ ਮੁਤਾਬਿਕ ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਅਦਾ ਕਰਵਾਈ। ਇਸ ਮੌਕੇ ਜਾਮਾ ਮਸਜਿਦ ’ਚ ਵੱਖ-ਵੱਖ ਧਰਮਾਂ ਅਤੇ ਸਿਆਸੀ ਜਮਾਤਾਂ ਦੇ ਨੁਮਾਇੰਦੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀਆਂ ਮੁਬਾਰਕਾਂ ਦੇਣ ਪੁੱਜੇ। ਸਿੱਖ ਭਾਈਚਾਰੇ ਦੇ ਲੋਕ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇੱਕ ਦੂਜੇ ਦੇ ਗਲੇ ਲੱਗ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ।
ਸਮਾਗਮ ਨੂੰ ਸੰਬੋਧਨ ਕਰਦੀਆਂ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਕਿਹਾ ਕਿ ਅੱਜ ਦਾ ਦਿਨ ਅਸੀਂ ਅੱਲ੍ਹਾਹ ਤਾਆਲਾ ਦੇ ਨਬੀ ਹਜ਼ਰਤ ਇਬ੍ਰਾਹੀਮ ਅਲੇਹਿਸੱਲਾਮ ਦੀ ਯਾਦ ’ਚ ਮਨਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਰੱਬ ਦੀ ਰਜਾ ਲਈ ਆਪਣਾ ਪੁੱਤਰ ਕੁਰਬਾਨ ਕਰਨ ਲਈ ਦੇਰ ਨਹੀਂ ਲਾਈ। ਸ਼ਾਹੀ ਇਮਾਮ ਨੇ ਕਿਹਾ ਕਿ ਈਦ ਦਾ ਦਿਨ ਸਾਨੂੰ ਸਬਕ ਦਿੰਦਾ ਹੈ ਕਿ ਅਸੀਂ ਵੀ ਆਪਣੇ ਅੰਦਰ ਕੁਰਬਾਨੀ ਦਾ ਜਜਬਾ ਰੱਖੀਏ ਅਤੇ ਇਸੇ ਜਜ਼ਬੇ ਦੀ ਤਹਿਤ ਮੁਸਲਮਾਨ ਆਪਣੇ ਦੇਸ਼ ਦੀ ਰੱਖਿਆ ਲਈ ਕੁਰਬਾਨ ਹੋਣ ਲਈ ਹਮੇਸ਼ਾ ਤਿਆਰ ਹਨ।
ਇਸ ਮੌਕੇ ’ਤੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਈਦ ਦਾ ਦਿਨ ਹਰ ਇੱਕ ਭਾਰਤੀ ਲਈ ਖੁਸ਼ੀ ਦਾ ਦਿਨ ਹੈ। ਉਹਨਾਂ ਕਿਹਾ ਕਿ ਭਾਰਤ ਦੁਨਿਆ ਦਾ ਇੱਕੋਂ ਅਜਿਹਾ ਦੇਸ਼ ਹੈ ਜਿੱਥੇ ਹਰ ਧਰਮ ਦਾ ਤਿਉਹਾਰ ਸਾਰੇ ਲੋਕ ਆਪਸ ’ਚ ਮਿਲ-ਜੁਲ ਕੇ ਮਨਾਉਂਦੇ ਹਨ। ਉਹਨਾਂ ਕਿਹਾ ਕਿ ਜਾਮਾ ਮਸਜਿਦ ਤੋਂ ਹਮੇਸ਼ਾ ਹੀ ਪੰਜਾਬ ’ਚ ਅਮਨ ਅਤੇ ਖੁਸ਼ਹਾਲੀ ਲਈ ਕੰਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਦਾ ਦਿਨ ਸਾਡੇ ਸਾਰੀਆਂ ਲਈ ਬੜੀ ਹੀ ਖੁਸ਼ੀ ਦਾ ਦਿਨ ਹੈ ਅਤੇ ਲੁਧਿਆਣਾ ਸ਼ਹਿਰ ਸਾਰੇ ਧਰਮਾਂ ਦੇ ਲੋਕਾਂ ਦਾ ਇੱਕ ਗੁਲਦਸਤਾ ਹੈ, ਇਸ ਦੇ ਸਾਰੇ ਫੁੱਲ ਅਪਣੀ ਖੁਸ਼ਬੂ ਦੇ ਨਾਲ ਮਾਹੋਲ ਨੂੰ ਖੁਸ਼ਗਵਾਰ ਬਣਾ ਕੇ ਰੱਖਦੇ ਹਨ। ਉਹਨਾਂ ਕਿਹਾ ਕਿ ਲੁਧਿਆਣਾ ਦੀ ਇਹ ਇਤੀਹਾਸਿਕ ਮਸਜਿਦ ਜਿੱਥੇ ਮੁਸਲਮਾਨਾਂ ਦਾ ਮੁੱਖ ਧਾਰਮਿਕ ਕੇਂਦਰ ਹੈ ਉਥੇ ਹੀ ਸਾਰੇ ਧਰਮਾਂ ਦੇ ਲੋਕਾਂ ਲਈ ਅਮਨ ਅਤੇ ਮੁਹੱਬਤ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਕਿ ਈਦ ਦਾ ਦਿਨ ਸਿਰਫ ਮੁਸਲਮਾਨ ਭਰਾਵਾਂ ਦੇ ਲਈ ਹੀ ਨਹੀਂ ਬਲਕਿ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ ਅਸੀਂ ਦੁਆ ਕਰਦੇ ਹਾਂ ਕਿ ਇਹ ਖੁਸ਼ੀਆਂ ਭਰੀ ਰੀਤ ਹਮੇਸ਼ਾ ਇੰਝ ਹੀ ਚੱਲਦੀ ਰਹੇ। ਉਹਨਾਂ ਕਿਹਾ ਕਿ ਇਸ ਦੇਸ਼ ’ਚ ਈਦ ਉਲ ਜੁਹਾ ਦਾ ਤਿਉਹਾਰ ਸਾਰੇ ਧਰਮਾਂ ਦੇ ਲੋਕ ਮਿਲ-ਜੁਲ ਕੇ ਮਨਾਉਂਦੇ ਹਨ। ਇਸ ਮੌਕੇ ’ਤੇ ਅਸੀਂ ਪੰਜਾਬ ਸਰਕਾਰ ਵੱਲੋਂ ਅਪਣੇ ਸਾਰੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹਾਂ।
ਇਸ ਮੌਕੇ ’ਤੇ ਮੁਸਲਮਾਨ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਦੁਰਗਾ ਮਾਤਾ ਮੰਦਰ ਦੇ ਪ੍ਰਧਾਨ ਵਰਿੰਦਰ ਮਿਤੱਲ ਨੇ ਕਿਹਾ ਕਿ ਇਸ ਦੇਸ਼ ’ਚ ਈਦ ਉਲ ਜੁਹਾ ਦਾ ਤਿਉਹਾਰ ਸਾਰੇ ਧਰਮਾਂ ਦੇ ਲੋਕ ਮਿਲ-ਜੁਲ ਕੇ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਸ ਧਰਤੀ ’ਤੇ ਅੱਜ ਲੱਖਾਂ ਮੁਸਲਮਾਨ ਖੁਦਾ ਦੇ ਅੱਗੇ ਸੱਜ਼ਦਾ ਕਰ ਰਹੇ ਹਨ ਇਹ ਸਾਡੇ ਲਈ ਮਾਣ ਦੀ ਗੱਲ ਹੈ।
ਇਸ ਮੌਕੇ ਅਲਾਇੰਸ ਫਾਰ ਸਿੱਖ ਦੇ ਪ੍ਰਧਾਨ ਪਰਮਪਾਲ ਸਿੰਘ ਨੇ ਵੀ ਜਾਮਾ ਮਸਜਿਦ ਪਹੁੰਚ ਕੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਪੰਜਾਬ ਦੀ ਧਰਤੀ ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ । ਇੱਥੇ ਸਾਰੇ ਧਰਮਾਂ ਦੇ ਲੋਕ ਆਪਸ ’ਚ ਮਿਲਜੁਲ ਕੇ ਰਹਿੰਦੇ ਹਨ ਅਤੇ ਇੱਕ – ਦੂਜੇ ਦਾ ਤਿਉਹਾਰ ਆਪਸੀ ਭਾਈਚਾਰੇ ਦੇ ਰੂਪ ’ਚ ਮਨਾਉਂਦੇ ਹਨ ।
ਇਸ ਮੌਕੇ ਨਗਰ ਨਿਗਮ ਲੁਧਿਆਣਾ ਦੇ ਜੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਬੜੀ ਹੀ ਬਰਕਤਾਂ ਵਾਲਾ ਦਿਨ ਹੈ । ਅੱਜ ਦੇ ਦਿਨ ਮੁਸਲਮਾਨ ਆਪਣੇ ਖੁਦਾ ਨੂੰ ਰਾਜੀ ਕਰਣ ਲਈ ਅੱਲ੍ਹਾ ਦੇ ਨਾਂਅ ’ਤੇ ਕੁਰਬਾਨੀ ਦਿੰਦੇ ਹਨ ਅਤੇ ਈਦ ਦਾ ਪਵਿੱਤਰ ਤਿਉਹਾਰ ਸਾਨੂੰ ਸਾਰੇਆਂ ਨੂੰ ਆਪਣੇ ਦੇਸ਼ ਦੇ ਪ੍ਰਤੀ ਕੁਰਬਾਨੀ ਦੇਣ ਲਈ ਜਾਗਰੂਕ ਕਰਦਾ ਹੈ ।
ਇਸ ਰਾਜ ਪੱਧਰੀ ਸਮਾਗਮ ’ਚ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ, ਵਿਧਾਇਕ ਪੁੱਤਰ ਵਿਕਾਸ ਪਰਾਸ਼ਰ, ਸੀਨੀਅਰ ਨੇਤਾ ਪਰਮਿੰਦਰ ਮੇਹਤਾ, ਰਣਜੋਧ ਸਿੰਘ, ਗੁਰਸਾਹਿਬ ਸਿੰਘ, ਗੁਰਦੁਆਰਾ ਸਿੰਘ ਸਭਾ ਸਰਾਭਾ ਨਗਰ ਦੇ ਪ੍ਰਧਾਨ ਜਸਪਾਲ ਸਿੰਘ, ਚਰਨਦੀਪ ਸਿੰਘ, ਮਨਦੀਪ ਕੇਸ਼ਵ, ਹਰਵਿੰਦਰ ਮੱਟੂ, ਸ਼ਿੰਗਾਰਾ ਸਿੰਘ ਦਾਦ ਅਤੇ ਮੁਹੰਮਦ ਮੁਸਤਕੀਮ ਨੇ ਕਿਹਾ ਕਿ ਈਦ ਉਲ ਜੁਹਾ ਦਾ ਤਿਉਹਾਰ ਸਾਨੂੰ ਸਾਰੇਆਂ ਨੂੰ ਆਪਸੀ ਭਾਈਚਾਰੇ ਅਤੇ ਆਪਣੇ ਦੇਸ਼ ਦੇ ਪ੍ਰਤੀ ਕੁਰਬਾਨੀ ਦੇਣ ਲਈ ਜਾਗਰੂਕ ਕਰਦਾ ਹੈ। ਵਰਣਨਯੋਗ ਹੈ ਕਿ ਅੱਜ ਈਦ ਉਲ ਜੁਹਾ ਦੇ ਮੌਕੇ ’ਤੇ ਲੁਧਿਆਣਾ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ’ਚ ਈਦ ਦੀ ਨਮਾਜ ਅਦਾ ਕੀਤੀ ਗਈ ਅਤੇ ਭਾਰੀ ਗਿਣਤੀ ’ਚ ਮੁਸਲਮਾਨਾਂ ਨੇ ਕੁਰਬਾਨੀਆਂ ਕੀਤੀਆਂ, ਬੱਚਿਆਂ ’ਚ ਈਦ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਸੀ। ਇਸ ਮੌਕੇ ’ਤੇ ਸ਼ਾਹੀ ਇਮਾਮ ਪੰਜਾਬ ਨੇ ਲੁਧਿਆਣਾ ਪੁਲਿਸ ਅਤੇ ਨਗਰ ਨਿਗਮ ਵੱਲੋਂ ਕੀਤੇ ਗਏ ਪ੍ਰਬੰਧਾਂ ਲਈ ਧੰਨਵਾਦ ਦਾ ਪ੍ਰਗਟਾਵਾ ਕੀਤਾ।

LEAVE A REPLY

Please enter your comment!
Please enter your name here