ਚੰਡੀਗੜ੍ਹ: ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਆਗੂ ਅਤੇ ਉਮੀਦਵਾਰ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਲੁਧਿਆਣਾ ‘ਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਪ੍ਰੈੱਸ ਕਾਨਫਰੰਸ ਕਰਨ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਆਗਾਮੀ ਲੋਕ ਸਭਾ ਚੋਣਾਂ ਅਤੇ ਪੰਜਾਬ ਦੀ ਸਿਆਸੀ ਗਤੀਸ਼ੀਲਤਾ ਬਾਰੇ ਜਾਣਕਾਰੀ ਦਿੱਤੀ।
ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਤੋਂ ਆਪਣੀ ਉਮੀਦਵਾਰੀ ਬਾਰੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, “ਕਾਂਗਰਸ ਹਾਈ ਕਮਾਂਡ ਨੇ ਮੈਨੂੰ ਲੁਧਿਆਣਾ ਤੋਂ ਚੋਣ ਲੜਨ ਦੀ ਜ਼ਿੰਮੇਵਾਰੀ ਸੌਂਪੀ ਹੈ। ਮੈਂ ਨਿੱਜੀ ਤੌਰ ‘ਤੇ ਪੂਰੇ ਸੂਬੇ ਵਿੱਚ ਕਾਂਗਰਸ ਪਾਰਟੀ ਲਈ ਸਮਰਥਨ ਜੁਟਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹਾਂ। ਖੜਗੇ ਜੀ ਅਤੇ ਰਾਹੁਲ ਗਾਂਧੀ ਜੀ ਨੇ ਮੈਨੂੰ ਉਹਨਾਂ ਲੋਕਾਂ ਨਾਲ ਮੁਕਾਬਲਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ ਜਿਨ੍ਹਾਂ ਨੇ ਉਸ ਪਾਰਟੀ ਨੂੰ ਧੋਖਾ ਦਿੱਤਾ ਹੈ ਜਿਸ ਨੇ ਉਹਨਾਂ ਨੂੰ ਸਭ ਕੁੱਝ ਦਿੱਤਾ ਸੀ। ਇਹ ਚੋਣ ਜਿੱਤ ਕੇ ਅਸੀਂ ਦੇਸ਼ ਭਰ ਵਿੱਚ ਇਹ ਸੁਨੇਹਾ ਦੇ ਦੇਵਾਂਗੇ ਕਿ ਲੋਕਾਂ ਦੇ ਦਿਲਾਂ ਵਿੱਚ ਤੇ ਗੱਦਾਰੀ ਕਰਨ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈ”
ਲੁਧਿਆਣਾ ਦੇ ਨਾਲ ਸਬੰਧਿਤ ਨਾ ਹੋਣ ਬਾਰੇ ਸਵਾਲਾਂ ਦੇ ਜਵਾਬ ਵਿੱਚ ਵੜਿੰਗ ਕਿਹਾ, “ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ, ਮੇਰੀ ਵਫ਼ਾਦਾਰੀ ਪੂਰੇ ਸੂਬੇ ਦੀ ਭਲਾਈ ਨਾਲ ਜੁੜੀ ਹੋਈ ਹੈ, ਇਸ ਲਈ ਮੈਂ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਚੋਣ ਲੜ ਸਕਦਾ ਹਾਂ। ਮੇਰੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਰਵਨੀਤ ਬਿੱਟੂ ਵੱਲੋਂ ਮੇਰੇ ਲੁਧਿਆਣੇ ਤੋਂ ਨਾ ਹੋਣ ‘ਤੇ ਸਵਾਲ ਚੁੱਕਣ ਵਾਲੀਆਂ ਗੱਲ੍ਹਾਂ ਉਹਨਾਂ ਦੇ ਅੰਦਰ ਵਾਲੀ ਬੇਚੈਨੀ ਜ਼ਾਹਿਰ ਕਰਦੀਆਂ ਹਨ। ਮੈਂ ਰਵਨੀਤ ਬਿੱਟੂ ਦੇ ਵੱਲੋਂ ਅਨੰਦਪੁਰ ਸਾਹਿਬ ਅਤੇ ਲੁਧਿਆਣਾ ਤੱਕ ਦੇ ਸਿਆਸੀ ਸਫ਼ਰ ਦੀ ‘ਤੇ ਵੀ ਰੋਸ਼ਨੀ ਪਾਵਾਂਗਾ। ਰਵਨੀਤ ਬਿੱਟੂ ਦੀ ਹਲਕਿਆਂ ਦੇ ਵਿੱਚ ਹਾਜ਼ਰੀ ਅਤੇ ਸੇਵਾ ਸਿਰਫ਼ ਇੱਕ ਬਿਆਨਬਾਜ਼ੀ ਸਾਬਿਤ ਹੋ ਕੇ ਰਹੀ ਹੈ ਕਿਉਂਕਿ ਲੋਕ ਖੁਦ ਦੱਸਦੇ ਹਨ ਕਿ ਪਿਛਲ਼ੇ 10 ਸਾਲਾਂ ਵਿੱਚ ਬਿੱਟੂ ਲੁਧਿਆਣੇ ਨਹੀਂ ਗਏ। ਪਿਛਲੇ 10 ਸਾਲਾਂ ਤੋਂ ਲੁਧਿਆਣਾ ਦੇ ਵਿੱਚ ਇੱਕ ਬਿਰਤਾਂਤ ਹੈ ਕਿ ‘ਬਿੱਟੂ ਫੋਨ ਚੁੱਕਦਾ ਨਹੀਂ, ਬਿੱਟੂ ਘਰੇ ਮਿਲਦਾ ਨਹੀਂ’।