ਬਟਾਲਾ : ਬਟਾਲਾ ਪੁਲਿਸ ਦੇ ਹੱਥ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਕੀਤੀ ਜਦੋ ਇੱਕ ਪਤੀ-ਪਤਨੀ ਨੂੰ 27 ਲੱਖ ਰੁਪਏ ਦੇ ਨਕਲੀ ਨੋਟਾਂ, 2 ਵਾਹਨਾਂ ਅਤੇ ਨਕਲੀ ਨੋਟ ਛਾਪਣ ਵਾਲੇ ਸਾਜ਼ੋ-ਸਾਮਾਨ ਸਮੇਤ ਗ੍ਰਿਫਤਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਨੋਟ ਛਾਪਣ ਤੋਂ ਬਾਅਦ ਇਹ ਜੋੜਾ ਪਹਿਲੀ ਵਾਰ ਹਿਮਾਚਲ ‘ਚ ਨਕਲੀ ਨੋਟਾਂ ਦੀ ਸਪਲਾਈ ਕਰਨ ਲਈ ਨਿਕਲਿਆ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਰਸਤੇ ‘ਚ ਹੀ ਫੜ ਲਿਆ।
ਜਾਣਕਾਰੀ ਦਿੰਦਿਆਂ ਐਸ.ਐਸ.ਪੀ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਬਟਾਲਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਸੈਦਮੁਬਾਰਕ ਨੇੜੇ ਨਾਕਾ ਲਾਇਆ ਹੋਇਆ ਸੀ ਕਿ ਸੁਖਬੀਰ ਸਿੰਘ ਅਤੇ ਉਸਦੀ ਪਤਨੀ ਗੁਰਿੰਦਰ ਕੌਰ ਵਾਸੀ ਪਿੰਡ ਤਰਸਿੱਕਾ (ਅੰਮ੍ਰਿਤਸਰ ਦਿਹਾਤੀ) ਨੂੰ ਕਾਰ ਸਮੇਤ ਕਾਬੂ ਕੀਤਾ ਗਿਆ, ਤਲਾਸ਼ੀ ਲੈਣ ‘ਤੇ ਪਤੀ-ਪਤਨੀ ਦੀ ਕਾਰ ‘ਚੋਂ 27 ਲੱਖ ਰੁਪਏ ਬਰਾਮਦ ਹੋਏ, ਜਦਕਿ ਪੁੱਛਗਿੱਛ ਦੌਰਾਨ 3 ਲੱਖ ਰੁਪਏ ਅਤੇ ਜਾਅਲੀ ਨੋਟ ਬਣਾਉਣ ‘ਚ ਵਰਤੇ ਜਾਂਦੇ ਸਾਰੇ ਸਾਮਾਨ ਸਮੇਤ ਇਕ ਹੋਰ ਕਾਰ ਬਰਾਮਦ ਹੋਈ ਅਤੇ ਫੜੇ ਗਏ ਜੋੜੇ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 6 ਮਹੀਨੇ ਪਹਿਲਾਂ ਜਾਅਲੀ ਨੋਟ ਛਾਪਣ ਦਾ ਕੰਮ ਸ਼ੁਰੂ ਕੀਤਾ ਸੀ, ਪਰ ਸਪਲਾਈ ਲਈ ਪਹਿਲੀ ਵਾਰ ਹਿਮਾਚਲ ਗਏ ਸਨ। ਐਸਐਸਪੀ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਸੁਖਬੀਰ ਸਿੰਘ ਨੇ ਵੀ ਪਹਿਲੀ ਵਾਰ ਨਕਲੀ ਨੋਟ ਛਾਪਣਾ ਵੀ ਸ਼ੁਰੂ ਕੀਤਾ ਸੀ।