ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਸਮੇਤ 14 ਸੰਸਦ ਮੈਂਬਰਾਂ ਨੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਸੋਨੀਆ ਗਾਂਧੀ ਨੇ ਰਾਜਸਥਾਨ ਤੋਂ ਉਪਰਲੇ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ, ਜਦਕਿ ਵੈਸ਼ਨਵ ਨੇ ਉੜੀਸਾ ਤੋਂ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਨਵੇਂ ਸੰਸਦ ਭਵਨ ਵਿੱਚ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਸੋਨੀਆ ਗਾਂਧੀ ਪਹਿਲੀ ਵਾਰ ਰਾਜ ਸਭਾ ਦੀ ਮੈਂਬਰ ਬਣੀ ਹੈ। ਉਨ੍ਹਾਂ ਨੇ ਸਦਨ ਦੇ ਨੇਤਾ ਪਿਊਸ਼ ਗੋਇਲ ਅਤੇ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਦੀ ਮੌਜੂਦਗੀ ‘ਚ ਸਹੁੰ ਚੁੱਕੀ। ਕਰਨਾਟਕ ਤੋਂ ਕਾਂਗਰਸ ਨੇਤਾ ਅਜੈ ਮਾਕਨ, ਉੱਤਰ ਪ੍ਰਦੇਸ਼ ਤੋਂ ਭਾਜਪਾ ਨੇਤਾ ਆਰਪੀਐਨ ਸਿੰਘ ਅਤੇ ਪੱਛਮੀ ਬੰਗਾਲ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਮਿਕ ਭੱਟਾਚਾਰੀਆ ਰਾਜ ਸਭਾ ਮੈਂਬਰਾਂ ਵਜੋਂ ਸਹੁੰ ਚੁੱਕਣ ਵਾਲੇ 14 ਨੇਤਾਵਾਂ ਵਿੱਚ ਸ਼ਾਮਲ ਹਨ।