ਕਪੂਰਥਲਾ ਦੇ ਜਲੰਧਰ ਰੋਡ ‘ਤੇ ਪਿੰਡ ਇੱਬਨ ਦੇ ਪੰਜਾਬ ਗ੍ਰਾਮੀਣ ਬੈਂਕ ਦੀ ਕੰਧ ਤੋੜ ਕੇ ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਚੋਰ ਬੈਂਕ ਦੇ ਅੰਦਰ ਦਾਖਲ ਹੋਏ ਅਤੇ ਪਹਿਲਾਂ ਸੀਸੀਟੀਵੀ ਦੀਆਂ ਤਾਰਾਂ ਨੂੰ ਕੱਟ ਦਿੱਤਾ। ਹਾਲਾਂਕਿ, ਚੋਰ ਸੇਫ ਨੂੰ ਤੋੜ ਨਹੀਂ ਸਕੇ ਇਸ ਲਈ ਪੈਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਬ੍ਰਾਂਚ ਮੈਨੇਜਰ ਦੀ ਸ਼ਿਕਾਇਤ ‘ਤੇ ਥਾਣਾ ਸਦਰ ‘ਚ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਦੀ ਪੁਸ਼ਟੀ ਕਰਦਿਆਂ ਡੀ.ਐਸ.ਪੀ ਸਬ-ਡਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਸ਼ਨਾਖਤ ਲਈ ਘਟਨਾ ਵਾਲੀ ਥਾਂ ਨੇੜੇ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ-ਜਲੰਧਰ ਮੁੱਖ ਸੜਕ ’ਤੇ ਸਥਿਤ ਪੰਜਾਬ ਗ੍ਰਾਮੀਣ ਬੈਂਕ ਦੀ ਬਰਾਂਚ ਮੈਨੇਜਰ ਰੁਪਿੰਦਰ ਮਨਚੰਦਾ ਨੇ ਦੱਸਿਆ ਕਿ ਉਹ ਇਸ ਬੈਂਕ ਵਿੱਚ 6-7 ਮਹੀਨਿਆਂ ਤੋਂ ਬਰਾਂਚ ਮੈਨੇਜਰ ਵਜੋਂ ਕੰਮ ਕਰ ਰਿਹਾ ਹੈ। 7 ਮਾਰਚ ਨੂੰ ਬੈਂਕ ਦੀ ਡਿਊਟੀ ਖਤਮ ਕਰਕੇ ਸ਼ਾਮ 5 ਵਜੇ ਬੈਂਕ ਬੰਦ ਕਰਕੇ ਸਾਰਾ ਸਟਾਫ਼ ਚਲਾ ਗਿਆ ਸੀ। 8, 9 ਅਤੇ 10 ਮਾਰਚ ਨੂੰ ਛੁੱਟੀ ਹੋਣ ਕਾਰਨ ਜਦੋਂ ਉਹ ਸਟਾਫ਼ ਸਮੇਤ 11 ਮਾਰਚ ਨੂੰ ਸਵੇਰੇ ਬੈਂਕ ਡਿਊਟੀ ਲਈ ਆਈ ਤਾਂ ਅੰਦਰ ਜਾ ਕੇ ਦੇਖਿਆ ਕਿ ਬੈਂਕ ਦੇ ਸਾਰੇ ਸੀਸੀਟੀਵੀ ਕੈਮਰੇ ਅਤੇ ਬਿਜਲੀ ਦੀਆਂ ਤਾਰਾਂ ਕੱਟੀਆਂ ਹੋਈਆਂ ਸਨ ਅਤੇ ਸੇਫ ਰੂਮ ਦੀ ਗਰਿੱਲ ਦਾ ਹੈਂਡਲ ਵੀ ਟੁੱਟਿਆ ਹੋਇਆ ਹੈ।