ਲੁਧਿਆਣਾ ਨਗਰ ਨਿਗਮ ਦੇ ਕਰਮਚਾਰੀਆਂ ਨੇ ਨਿਗਮ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ ਹੈ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਭਗਵਾਨ ਵਾਲਮੀਕਿ ਸੇਵਕ ਸੰਘ ਦੇ ਰਵੀ ਬਾਲੀ ਨੇ ਕੀਤੀ ਹੈ। ਨਿਗਮ ਮੁਲਾਜ਼ਮਾਂ ਨੇ ਅੱਧ ਨੰਗੇ ਹੋ ਕੇ ਨਿਗਮ ਕਮਿਸ਼ਨਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਗਰੇਡ 4 ਦੇ ਮੁਲਾਜ਼ਮਾਂ ਨੇ ਨਿਗਮ ਕਮਿਸ਼ਨਰ ਖ਼ਿਲਾਫ਼ ਰੋਸ ਮਾਰਚ ਵੀ ਕੱਢਿਆ।
ਦੱਸ ਦਈਏ ਕਿ ਮੁਲਾਜ਼ਮਾਂ ਨੇ ਹੱਥਾਂ ਵਿੱਚ ਏਕਤਾ ਜ਼ਿੰਦਾਬਾਦ ਦੇ ਨਾਅਰੇ ਲੈ ਕੇ ਮਾਤਾ ਰਾਣੀ ਚੌਕ ਵਿੱਚ ਪੂਰੀ ਤਰ੍ਹਾਂ ਜਾਮ ਲਗਾ ਦਿੱਤਾ ਹੈ। ਪੈਦਲ ਚੱਲਣ ਵਾਲਿਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਰਵੀ ਬਾਲੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨਿਗਮ ਦੇ ਸਾਰੇ ਮੁਲਾਜ਼ਮਾਂ ਨੂੰ ਪਹਿਲੀ ਨੂੰ ਤਨਖਾਹ ਮਿਲਦੀ ਹੈ। ਪਰ ਪਿਛਲੇ 4 ਮਹੀਨਿਆਂ ਤੋਂ ਦਰਜਾ ਚਾਰ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਘਰ ਦਾ ਗੁਜ਼ਾਰਾ ਚਲਾਉਣਾ ਵੀ ਔਖਾ ਹੋ ਗਿਆ ਹੈ।
ਹਰ ਰੋਜ਼ ਅਧਿਕਾਰੀ ਤਨਖਾਹ ਨਾ ਮਿਲਣ ਦਾ ਕੋਈ ਨਾ ਕੋਈ ਬਹਾਨਾ ਘੜਦੇ ਹਨ। ਥਾਣਾ ਕੋਤਵਾਲੀ ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਅਤੇ ਨਿਗਮ ਕਮਿਸ਼ਨਰ ਨੂੰ ਮਿਲਣ ਦਾ ਭਰੋਸਾ ਦਿੱਤਾ। ਫਿਲਹਾਲ ਹੜਤਾਲ ਜਾਰੀ ਹੈ।