ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਵਿਕਟੋਰੀਆ ਬੀਚ ‘ਤੇ ਹਰਿਆਣਾ ਦੇ ਕਰਨਾਲ ਦੇ ਪਿੰਡ ਕੈਮਲਾ ਦੇ 27 ਸਾਲਾ ਨੌਜਵਾਨ ਸਾਹਿਲ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ ਹੋ ਗਈ। ਸਾਹਿਲ 12 ਜਨਵਰੀ ਦੀ ਸ਼ਾਮ ਨੂੰ ਆਪਣੇ ਦੋਸਤਾਂ ਨਾਲ ਬੀਚ ‘ਤੇ ਨਹਾਉਣ ਗਿਆ ਸੀ, ਜਦੋਂ ਉਹ ਬੀਚ ‘ਤੇ ਨਹਾ ਰਿਹਾ ਸੀ, ਤਾਂ ਉਸ ਦੀਆਂ ਐਨਕਾਂ ਪਾਣੀ ਵਿਚ ਡਿੱਗ ਗਈਆਂ ਅਤੇ ਉਹ ਉਨ੍ਹਾਂ ਨੂੰ ਚੁੱਕਣ ਲਈ ਹੇਠਾਂ ਝੁਕਿਆ ਤਾਂ ਇਸੇ ਦੌਰਾਨ ਇਕ ਤੇਜ਼ ਲਹਿਰ ਉਸ ਨੂੰ ਸਮੁੰਦਰ ਦੀ ਡੂੰਘਾਈ ਵਿਚ ਖਿੱਚ ਕੇ ਲੈ ਗਈ।
ਘਟਨਾ ਵਾਪਰਨ ਸਮੇਂ ਉਸ ਦੇ ਦੋਸਤ ਸਮੁੰਦਰ ਦੇ ਕੰਢੇ ‘ਤੇ ਹੀ ਸਨ ਅਤੇ ਉਹਨਾਂ ਨੇ ਸਾਹਿਲ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਕਾਮਯਾਬ ਨਾ ਹੋ ਪਾਏ। ਬਚਾਅ ਲਈ ਪੁਲਿਸ ਦਾ ਹੈਲੀਕਾਪਟਰ ਵੀ ਉੱਥੇ ਪਹੁੰਚ ਗਿਆ ਸੀ ਪਰ ਹਨੇਰਾ ਹੋਣ ਕਾਰਨ ਉਸ ਨੂੰ ਲੱਭ ਨਹੀਂ ਸਕੇ।
ਰਾਤ ਕਰੀਬ 9 ਵਜੇ ਸਾਹਿਲ ਦੀ ਲਾਸ਼ ਦੂਰ ਦੂਜੇ ਕਿਨਾਰੇ ਤੱਕ ਪਹੁੰਚ ਚੁੱਕੀ ਸੀ। ਪੁਲਿਸ ਨੂੰ ਇਕ ਨੌਜਵਾਨ ਦੇ ਡੁੱਬਣ ਦੀ ਸੂਚਨਾ ਪਹਿਲਾਂ ਹੀ ਮਿਲ ਗਈ ਸੀ, ਇਸ ਲਈ ਉਨ੍ਹਾਂ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਜਦੋਂ ਸਾਹਿਲ ਦੇ ਦੋਸਤਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ।
ਸਾਹਿਲ ਦੇ ਚਚੇਰੇ ਭਰਾ ਸੰਦੀਪ ਨੇ ਦੱਸਿਆ ਕਿ ਉਸ ਦਾ ਚਾਚਾ ਭੀਮ ਸਿੰਘ ਦਾ ਪੁੱਤਰ ਸਾਹਿਲ 2016 ਵਿੱਚ ਸਟੱਡੀ ਵੀਜ਼ੇ ’ਤੇ ਆਸਟਰੇਲੀਆ ਗਿਆ ਸੀ। ਉਹ ਮੈਲਬੌਰਨ ਵਿੱਚ ਇੱਕ ਫਰਨੀਚਰ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਦੋ ਸਾਲ ਪਹਿਲਾਂ ਹੀ ਪੀ.ਆਰ. ਹੋਇਆ ਸੀ।