ਸੰਗਰੂਰ ਦੇ ਲਹਿਰਾਗਾਗਾ ਸਥਿਤ ਗਊਸ਼ਾਲਾ ਵਿੱਚ 21 ਗਾਵਾਂ ਦੀ ਇੱਕੋ ਸਮੇਂ ਮੌਤ ਹੋ ਗਈ ਹੈ। ਇਕ-ਇਕ ਕਰਕੇ ਸਾਰੀਆਂ ਗਾਵਾਂ ਮਰ ਗਈਆਂ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀਸੀ ਦਫ਼ਤਰ ਦੀ ਟੀਮ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਦੀਆਂ ਟੀਮਾਂ ਜਾਂਚ ਲਈ ਪਹੁੰਚ ਗਈਆਂ ਹਨ। ਫਿਲਹਾਲ ਗਾਵਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤਾਂ ਜੋ ਕਾਰਨ ਦਾ ਪਤਾ ਲੱਗ ਸਕੇ।
ਇਸਦੇ ਨਾਲ ਹੀ ਮੌਕੇ ’ਤੇ ਪੁੱਜੇ ਐਸਡੀਐਮ ਸੂਬਾ ਸਿੰਘ ਨੇ ਦੱਸਿਆ ਕਿ ਘਟਨਾ ਦੇਰ ਰਾਤ ਵਾਪਰੀ ਹੈ। ਰਾਤ ਸਮੇਂ ਡੀਸੀ ਦਫ਼ਤਰ ਵਿੱਚ ਇੱਕ-ਇੱਕ ਕਰਕੇ ਪਸ਼ੂਆਂ ਦੇ ਮਰਨ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਪਸ਼ੂ ਹਸਪਤਾਲ ਦੇ ਡਾਕਟਰਾਂ ਦੀ ਟੀਮ ਮੌਕੇ ‘ਤੇ ਪਹੁੰਚੀ। ਡਾਕਟਰਾਂ ਦੀਆਂ ਟੀਮਾਂ ਨੇ ਜਾਨਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਜਿਸ ਤੋਂ ਬਾਅਦ ਹੁਣ ਪਸ਼ੂਆਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਮੌਤ ਦੇ ਕਾਰਨਾਂ ਬਾਰੇ ਅਜੇ ਕੁਝ ਕਹਿਣਾ ਸਪੱਸ਼ਟ ਨਹੀਂ ਹੈ। ਜੇਕਰ ਕਿਸੇ ਦੀ ਗਲਤੀ ਸਾਹਮਣੇ ਆਈ ਤਾਂ ਜ਼ਰੂਰ ਕਾਰਵਾਈ ਕੀਤੀ ਜਾਵੇਗੀ।
ਗੱਲਬਾਤ ਕਰਦਿਆਂ ਗਊਸ਼ਾਲਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਾਰੇ ਮੈਂਬਰ ਗਊਸ਼ਾਲਾ ਵਿੱਚ ਪਹੁੰਚ ਗਏ ਸਨ, ਪਰ ਕੋਈ ਵੀ ਕੁਝ ਨਹੀਂ ਕਰ ਸਕਿਆ। ਸਾਰਿਆਂ ਨੇ ਆਪਣੀਆਂ ਅੱਖਾਂ ਸਾਹਮਣੇ ਹਰ ਇੱਕ ਗਾਂ ਨੂੰ ਦੁਖੀ ਅਤੇ ਮਰਦੇ ਦੇਖਿਆ। ਸ਼ੱਕ ਹੈ ਕਿ ਪਸ਼ੂਆਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। ਇਨ੍ਹਾਂ ਪਸ਼ੂਆਂ ਨੂੰ ਕਿਸੇ ਨੇ ਜ਼ਹਿਰ ਦਿੱਤਾ ਹੈ ਜਾਂ ਚਾਰੇ ਸਮੇਤ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ, ਇਹ ਜਾਂਚ ਦਾ ਵਿਸ਼ਾ ਹੈ। ਘਟਨਾ ਦੇ ਬਾਅਦ ਤੋਂ ਪਸ਼ੂਆਂ ਨੂੰ ਚਾਰਾ ਦੇਣਾ ਬੰਦ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਲਾਕੇ ਦੇ ‘ਆਪ’ ਵਿਧਾਇਕ ਬਰਿੰਦਰ ਗੋਇਲ ਵੀ ਮੌਕੇ ‘ਤੇ ਪੁੱਜੇ। ਬਰਿੰਦਰ ਗੋਇਲ ਨੇ ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਏਗੀ। ਇਹ ਇੱਕ ਦੁਖਦਾਈ ਘਟਨਾ ਹੈ। ਜੇਕਰ ਕੋਈ ਗਲਤੀ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ।