ਅਹਿਰਾਰ ਫਾਉਂਡੇਸ਼ਨ ਵੱਲੋਂ ਹਬੀਬ ਕੰਪਿਊਟਰ ਸੈਂਟਰ ਸਥਾਪਤ
ਦਿ ਸਿਟੀ ਹੈਡਲਾਈਨ
ਲੁਧਿਆਣਾ, 8 ਜਨਵਰੀ
ਅੱਜ ਇੱਥੇ ਫੀਲਡਗੰਜ ਚੌਂਕ ਵਿਖੇ ਇਤਿਹਾਸਿਕ ਜਾਮਾ ਮਸਜਿਦ ’ਚ ਅਹਿਰਾਰ ਫਾਉਂਡੇਸ਼ਨ ਵੱਲੋਂ ਹਰ ਧਰਮ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਲਈ ਬਣਾਏ ਗਏ ਕੰਪਿਊਟਰ ਸੈਂਟਰ ਦਾ ਉਦਘਾਟਨ ਹਲਕਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਅਤੇ ਸ਼ਾਹੀ ਇਮਾਮ ਪੰਜਾਬ ਉਸਮਾਨ ਲੁਧਿਆਣਵੀਂ ਨੇ ਕੀਤਾ। ਇਸ ਮੌਕੇ ’ਤੇ ਵਿਧਾਇਕ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਸ਼ਾਹੀ ਇਮਾਮ ਦੀ ਅਗਵਾਈ ਹੇਠ ਚੱਲ ਰਹੀ ਅਹਿਰਾਰ ਫਾਊੰਡੇਸ਼ਨ ਸਮਾਜਿਕ ਕੰਮਾਂ ’ਚ ਚੰਗਾ ਕਦਮ ਚੁੱਕ ਰਹੀ ਹੈ। ਉਹਨਾਂ ਕਿਹਾ ਕਿ ਕੰਪਿਊਟਰ ਦੀ ਸਿੱਖਿਆ ਤਾਂ ਹੁਣ ਹਰ ਵਿਅਕਤੀ ਲਈ ਜਰੂਰੀ ਹੈ। ਉਹਨਾਂ ਕਿਹਾ ਕਿ ਸਿੱਖਿਆ ਹਾਸਿਲ ਕਰਨਾ ਸਮਾਜ ਦੇ ਹਰ ਇੱਕ ਆਦਮੀ ਅਤੇ ਮਹਿਲਾ ਲਈ ਜਰੂਰੀ ਹੈ। ਉਹਨਾਂ ਕਿਹਾ ਕਿ ਜਾਮਾ ਮਸਜਿਦ ’ਚ ਕੰਪਿਊਟਰ ਸੈਂਟਰ ਦੀ ਸਥਾਪਨਾ ਇੱਕ ਚੰਗਾ ਕਦਮ ਹੈ ਜਿਸਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ। ਅਹਿਰਾਰ ਫਾਊੰਡੇਸ਼ਨ ਦੇ ਪ੍ਰਧਾਨ ਅਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਨੇ ਇਸ ਮੌਕੇ ’ਤੇ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਲਗਾਤਾਰ ਜਾਮਾ ਮਸਜਿਦ ਲੁਧਿਆਣਾ ਵੱਲੋਂ ਸਮਾਜਿਕ ਕੰਮਾਂ ’ਚ ਯੋਗਦਾਨ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡਾ ਟੀਚਾ ਹੈ ਕਿ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਕੰਪਿਊਟਰ ਦੇ ਉਹ ਕੋਰਸ ਜੋ ਕਿ ਫੀਸ ਦੇ ਕੇ ਬੱਚੇ ਸਿੱਖਦੇ ਹਨ ਨੂੰ ਮੁਫ਼ਤ ਪੜ੍ਹਾਇਆ ਜਾ ਸਕੇ। ਉਹਨਾਂ ਕਿਹਾ ਕਿ ਹਬੀਬ ਕੰਪਿਊਟਰ ਸੈਂਟਰ ਸਾਬਕਾ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਨੂੰ ਸਮਰਪਿਤ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਇਸਨੂੰ ਹੋਰ ਵੱਡਾ ਕੀਤਾ ਜਾਵੇਗਾ ਅਤੇ ਸ਼ਹਿਰ ਦੇ ਕੁੱਝ ਹੋਰ ਇਲਾਕੀਆਂ ’ਚ ਇਸਦੀਆਂ ਬ੍ਰਾਂਚਾਂ ਬਣਾਈਆਂ ਜਾਣਗੀਆਂ।