ਨਗਰ ਨਿਗਮ ਚੋਣਾਂ ਲਈ ਕਾਂਗਰਸ ਪਾਰਟੀ ਨੇ ਲੁਧਿਆਣਾ ਦੇ 95 ਵਿੱਚੋਂ 63 ਵਾਰਡਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਰ ਬਾਕੀ ਬਚਦੇ ਵਾਰਡਾਂ ਵਿੱਚ ਅਜੇ ਸਿਆਸੀ ਮੰਥਨ ਚੱਲ ਰਿਹਾ ਹੈ। ਇਹ ਜ਼ਿਆਦਾਤਰ ਵਾਰਡ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਵਿੱਚ ਸ਼ਾਮਲ ਹੋਏ ਬੈਂਸ ਭਰਾਵਾਂ ਦੇ ਹਨ। ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਹਲਕੇ ਆਤਮ ਨਗਰ ਅਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੇ ਹਲਕੇ ਦੱਖਣੀ ਦੇ ਦਾਅਵੇਦਾਰਾਂ ਦੀਆਂ ਟਿਕਟਾਂ ਅਜੇ ਫਸੀਆਂ ਹੋਈਆਂ ਹਨ। ਹਲਕਾ ਆਤਮ ਨਗਰ ਵਿੱਚ ਤਾਂ ਕਾਂਗਰਸ ਦਾ ਪੁਰਾਣਾ ਕੋਈ ਵੀ ਹਲਕਾ ਇੰਚਾਰਜ ਨਹੀਂ ਹੈ। ਪਰ ਹਲਕਾ ਦੱਖਣੀ ਵਿੱਚ ਕਾਂਗਰਸ ਦੇ ਇੰਚਾਰਜ ਈਸ਼ਵਰਜੋਤ ਚੀਮਾ ਵੀ ਕਾਂਗਰਸ ਨਾਲ ਡਟੇ ਹੋਏ ਹਨ ਜਿਸ ਕਰਕੇ ਇਨ੍ਹਾਂ ਹਲਕਿਆਂ ਦੇ ਉਮੀਦਵਾਰਾਂ ਦੇ ਨਾਮ ਐਲਾਨੇ ਨਹੀਂ ਜਾ ਸਕੇ।
ਦੱਸਿਆ ਜਾ ਰਿਹਾ ਹੈ ਕਿ ਬੈਂਸ ਭਰਾ ਆਪਣੇ ਨੇੜਲੇ ਸਾਥੀਆਂ ਨੂੰ ਟਿਕਟਾਂ ਦੀ ਮੰਗ ਕਰ ਰਹੇ ਹਨ ਪਰ ਕਾਂਗਰਸ ਉਨ੍ਹਾਂ ਨੂੰ ਤਿੰਨ ਤੋਂ ਪੰਜ ਸੀਟਾਂ ਦੇਣ ਦੀ ਗੱਲ ਕਰ ਰਹੀ ਹੈ। ਕਾਂਗਰਸ ਆਪਣੇ ਪੁਰਾਣੇ ਸਾਥੀਆਂ ਅਤੇ ਵਰਕਰਾਂ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ। ਉਮੀਦ ਕੀਤੀ ਜਾ ਰਹੀ ਹੈ ਕਿ ਕਾਂਗਰਸ ਜਲਦੀ ਹੀ ਇਸ ਬਾਰੇ ਫੈਸਲਾ ਲੈ ਕੇ ਆਪਣੀ ਦੂਜੀ ਸੂਚੀ ਜਾਰੀ ਕਰ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਹਲਕਾ ਦੱਖਣੀ ਅਤੇ ਹਲਕਾ ਆਤਮ ਨਗਰ ਬੈਂਸ ਭਰਾਵਾਂ ਦੇ ਅੰਦਰ ਆਉਂਦੇ ਹਨ। ਜਿਨ੍ਹਾਂ ਦੇ ਨਾਵਾਂ ਦੀ ਸੂਚੀ ਅਜੇ ਜਾਰੀ ਨਹੀਂ ਕੀਤੀ ਗਈ।
ਪਾਰਟੀ ਹਾਈਕਮਾਂਡ ਵੱਲੋਂ 32 ਵਾਰਡਾਂ ਦੀ ਸੂਚੀ ਰੋਕੀ ਗਈ ਹੈ। ਅਜਿਹੇ ‘ਚ ਪਾਰਟੀ ਇਸ ਗੱਲ ਦਾ ਵੀ ਧਿਆਨ ਰੱਖ ਰਹੀ ਹੈ ਕਿ ਜਿਨ੍ਹਾਂ ਨੂੰ ਬਾਕੀ 32 ਵਾਰਡਾਂ ‘ਚ ਟਿਕਟ ਨਹੀਂ ਦਿੱਤੀ ਜਾ ਸਕਦੀ, ਉਹ ਬਾਗੀ ਨਾ ਹੋ ਜਾਣ ਅਤੇ ਪਾਰਟੀ ਨਾਲ ਜੁੜੇ ਰਹਿਣ।