ਮਾਨ ਸਰਕਾਰ ਵੱਲੋਂ 25 ਤੋਂ 27 ਦਸੰਬਰ ਤੱਕ ਫ਼ਤਿਹਗੜ੍ਹ ਸਾਹਿਬ ਵਿੱਚ ਹੋਣ ਵਾਲੇ ਸ਼ਹੀਦੀ ਜੋੜ ਮੇਲੇ ਲਈ ਸੁਰੱਖਿਆ ਅਤੇ ਸਹੂਲਤ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।ਸ਼ਹੀਦੀ ਜੋੜ ਮੇਲੇ ‘ਚ ਤਿੰਨ ਦਿਨਾਂ ਦੌਰਾਨ ਲਗਭਗ 50 ਲੱਖ ਸ਼ਰਧਾਲੂਆਂ ਦੀ ਆਮਦ ਹੋਣ ਦੀ ਉਮੀਦ ਹੈ।
ਸੁਰੱਖਿਆ ਲਈ 3,300 ਪੁਲਿਸ ਮੁਲਾਜ਼ਮ, 6 ਡ੍ਰੋਨ, 72 ਨਾਕੇ, 300 ਸੀਸੀਟੀਵੀ ਕੈਮਰੇ ਅਤੇ ਇੱਕ ਇੰਟੀਗ੍ਰੇਟਡ ਕੰਟਰੋਲ ਸੈਂਟਰ ਸਥਾਪਤ ਕੀਤਾ ਗਿਆ ਹੈ। ਸ਼ਰਧਾਲੂਆਂ ਲਈ ਹੈਲਪਲਾਈਨ ਨੰਬਰ: 0176-3232838 ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਕਿਹਾ ਕਿ ਮੇਲਾ ਮਨੁੱਖੀ ਇਤਿਹਾਸ ਵਿੱਚ ਵਿਲੱਖਣ ਘਟਨਾ ਦੀ ਸੰਗਤ ਨੂੰ ਯਾਦ ਦਿਵਾਉਣ ਲਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੰਗਤ ਦੀ ਵੱਡੀ ਆਮਦ ਦੇ ਮੱਦੇਨਜ਼ਰ ਸਿਹਤ ਸਹੂਲਤਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 20 ਆਮ ਆਦਮੀ ਕਲੀਨਿਕ ਅਤੇ 5 ਡਿਸਪੈਂਸਰੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ ਜਿੱਥੇ ਮਾਹਿਰ ਡਾਕਟਰ ਅਤੇ ਬਾਕੀ ਸਟਾਫ ਹਾਜ਼ਰ ਰਹੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਅਤੇ ਡਿਸਪੈਂਸਰੀਆਂ ਲਈ ਦਵਾਈਆਂ ਅਤੇ ਹੋਰ ਸਾਜ਼ੋ-ਸਾਮਾਨ ਦੀ ਵਿਵਸਥਾ ਕਰ ਲਈ ਹੈ।
ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਮਹਾਨ ਕੁਰਬਾਨੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਵੱਲੋਂ ਜ਼ਮੀਰ ਦੀ ਆਵਾਜ਼ ਅਨੁਸਾਰ ਧਰਮ ਅਪਨਾਉਣ ਦੇ ਮਨੁੱਖੀ ਹੱਕ ਦੀ ਰਾਖੀ ਲਈ ਕੀਤੀ ਗਈ ਲਾਸਾਨੀ ਕੁਰਬਾਨੀ ਮਨੁੱਖੀ ਇਤਿਹਾਸ ਵਿੱਚ ਲਾਮਿਸਾਲ ਘਟਨਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਇਸ ਕੁਰਬਾਨੀ ਨੂੰ ‘ਨਿੱਕੀਆ ਜਿੰਦਾਂ’ ਦੇ ‘ਵੱਡੇ ਸਾਕੇ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਸਾਕੇ ਨੂੰ ਵਾਪਰਿਆਂ ਭਾਵੇਂ ਤਿੰਨ ਸਦੀਆਂ ਤੋਂ ਵਧੇਰੇ ਅਰਸਾ ਬੀਤ ਗਿਆ ਹੈ, ਪਰ ਸਮੁੱਚੇ ਸਿੱਖ ਜਗਤ ਵੱਲੋਂ ਇਸ ਦੀ ਪੀੜ ਅੱਜ ਵੀ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਵਿੱਚ ਸੰਗਤ ਦੇ ਆਉਣ-ਜਾਣ ਲਈ ਮੁਫ਼ਤ ਸਫਰ ਦੀ ਸਹੂਲਤ ਦੇਣ ਲਈ ‘ਇੰਟਰ ਸਿਟੀ ਸ਼ਟਲ ਬੱਸ ਸੇਵਾ’ ਸ਼ੁਰੂ ਕੀਤੀ ਜਾਵੇਗੀ ਅਤੇ ਸ਼ਹੀਦੀ ਸਭਾ ਦੌਰਾਨ 200 ਸ਼ਟਲ ਬੱਸਾਂ ਅਤੇ 100 ਈ-ਰਿਕਸ਼ੇ ਸੰਗਤ ਲਈ ਤਾਇਨਾਤ ਹੋਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬੱਸਾਂ ਅਤੇ ਈ-ਰਿਕਸ਼ੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਪਾਰਕਿੰਗ ਵਾਲੀਆਂ ਥਾਵਾਂ ਤੋਂ ਗੁਰਦੁਆਰਾ ਸਾਹਿਬ ਅਤੇ ਹੋਰ ਥਾਵਾਂ ਤੇ ਲਿਜਾਣਗੇ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਇਸ ਵਾਰ ਗੂਗਲ ਕੰਪਨੀ ਦੀਆਂ ਸੇਵਾਵਾਂ ਵੀ ਹਾਸਲ ਕੀਤੀਆਂ ਜਾ ਰਹੀਆਂ ਹਨ ਜੋ ਫਤਹਿਗੜ੍ਹ ਸਾਹਿਬ ਨੂੰ ਆਉਂਦੀਆਂ ਸੜਕਾਂ ’ਤੇ ਟ੍ਰੈਫਿਕ ਦੀ ਸਥਿਤੀ ਬਾਰੇ ਸਟੀਕ ਜਾਣਕਾਰੀ ਦੇਵੇਗੀ ਤਾਂ ਕਿ ਕਿਸੇ ਸੜਕ ‘ਤੇ ਵੱਧ ਟ੍ਰੈਫਿਕ ਹੋਣ ਦੀ ਸੂਰਤ ਵਿੱਚ ਤੁਰੰਤ ਬਦਲਵੇਂ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਵਾਹਨਾਂ ਦੇ ਰੁਕਣ ਲਈ ਪੰਜ ਵੱਡੀਆਂ ਪਾਰਕਿੰਗ ਅਤੇ 16 ਛੋਟੀਆਂ ਪਾਰਕਿੰਗ ਬਣਾਈਆਂ ਗਈਆਂ ਹਨ।




