ਗੌਰਮਿੰਟ ਸਕੂਲ ਲੈਕਚਰਾਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਸਰਪ੍ਰਸਤ ਹਾਕਮ ਸਿੰਘ ਵਾਲੀਆ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਸਕੂਲਾਂ ਵਿੱਚ ਲੈਕਚਰਾਰਜ਼ ਦੀਆਂ 3434,ਖਾਲੀ ਅਸਾਮੀਆਂ ਹੋਣ ਕਾਰਨ ਵਿਦਿਆਰਥੀਆਂ ਦੇ ਪੜ੍ਹਾਈ ਦੇ ਹੋ ਰਹੇ ਨੁਕਸਾਨ ਦੀ ਚਿੰਤਾ ਪ੍ਰਗਟ ਕਰਦਿਆਂ ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ ਮਾਤ ਭਾਸ਼ਾ ਪੰਜਾਬੀ ਦੀਆਂ 695, ਅੰਗਰੇਜ਼ੀ ਦੀਆਂ 655, ਇਤਹਾਸ ਦੀਆਂ 401, ਰਾਜਨੀਤੀ ਸ਼ਾਸਤਰ ਦੀਆਂ 377, ਕਾਮਰਸ ਦੀਆਂ 232, ਸਰੀਰਕ ਸਿੱਖਿਆ ਦੀਆਂ 226, ਹਿੰਦੀ ਦੀਆਂ 43, ਭੁਗੋਲ ਦੀਆਂ 38,ਹੋਮ ਸਾਇੰਸ ਦੀਆਂ 13,ਫਾਈਨ ਆਰਟ ਦੀਆਂ 8,ਸੰਗੀਤ ਦੀਆਂ 8 ਅਤੇ ਸਮਾਜ ਸਿੱਖਿਆ ਦੀਆਂ 8 ਆਸਾਮੀਆਂ ਖ਼ਾਲੀ ਹਨ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਅਤੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਭੌਤਿਕ ਵਿਗਿਆਨ ਦੀਆਂ 216, ਰਸਾਇਣ ਦੀਆਂ 31,ਜੀਵ ਵਿਗਿਆਨ ਦੀਆਂ 201 ਅਤੇ ਗਣਿਤ ਵਿਸ਼ਾ ਦੀਆਂ 96 ਆਸਾਮੀਆਂ ਖ਼ਾਲੀ ਹਨ।ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਬਹੁਤ ਸੁਧਾਰ ਕਰਨਾ ਚਾਹੁੰਦੀ ਹੈ ਪ੍ਰੰਤੂ ਖ਼ਾਲੀ ਆਸਾਮੀਆਂ ਕਾਰਨ ਸੁਧਾਰ ਕਰਨਾ ਹਵਾ ਵਿੱਚ ਗੱਲਾਂ ਕਰਨ ਸਮਾਨ ਹੈ। ਜਥੇਬੰਦੀ ਦੇ ਆਗੂ ਇਹ ਮਹਿਸੂਸ ਕਰਦੇ ਹਨ ਕਿ ਖਾਲੀ ਅਸਾਮੀਆਂ ਨੂੰ ਪਹਿਲ ਦੇ ਆਧਾਰ ਪੂਰ ਕਰਨ ਦੀ ਠੋਸ ਨੀਤੀ ਬਣਾਵੇ। ਖ਼ਾਲੀ ਆਸਾਮੀਆਂ ਭਰਨ ਲਈ ਪਦ ਉੱਨਤੀਆਂ ਕਰਨਾ ਅਤੇ ਨਵੀਂ ਭਰਤੀ ਰਾਹੀਂ ਭਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ।
ਨਵੀਂ ਭਰਤੀ ਰਾਹੀਂ ਨੌਜਵਾਨ ਨੂੰ ਰੋਜ਼ਗਾਰ ਅਤੇ ਪਹਿਲਾਂ ਸੇਵਾ ਕਰ ਰਹੇ ਅਧਿਆਪਕਾਂ ਨੂੰ ਤਰੱਕੀ ਮਿਲੇਗੀ। ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਅਤੇ ਵਿੱਤ ਸਕੱਤਰ ਰਾਮ ਵੀਰ ਨੇ ਦੱਸਿਆ ਕਿ ਲੈਕਚਰਾਰਜ਼ ਦੀਆਂ ਆਸਾਮੀਆਂ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 550 ਦੇ ਲਗਭਗ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਆਸਾਮੀਆਂ ਖ਼ਾਲੀ ਹਨ। ਜਥੇਬੰਦੀ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਪ੍ਰਮੱਖ ਸਿੱਖਿਆ ਸਕੱਤਰ ਜਸਪ੍ਰੀਤ ਤਲਵਾੜ ਅਤੇ ਡੀ ਜੀ ਐਸ ਈ ਨੂੰ ਖਾਲੀ ਆਸਾਮੀਆਂ ਨੂੰ ਭਰਨ ਦੀ ਪੁਰਜ਼ੋਰ ਅਪੀਲ ਕਰਦੀ ਹੈ। ਇਸ ਮੌਕੇ ਅਰੁਨ ਕੁਮਾਰ ਲੁਧਿਆਣਾ, ਜਤਿੰਦਰ ਸਿੰਘ ਗੁਰਦਾਸਪੁਰ, ਜਗਰੂਪ ਸਿੰਘ ਸੰਗਰੂਰ, ਸੁਖਦੇਵ ਸਿੰਘ ਰਾਣਾ ਸੀਨੀਅਰ ਸਲਾਹਕਾਰ ਅਤੇ ਸਾਬਕਾ ਪ੍ਰਧਾਨ ਮੋਹਾਲੀ ਜਸਵੀਰ ਸਿੰਘ, ਦਲਜੀਤ ਸਿੰਘ ਅਤੇ ਡਾ ਚਰਨਜੀਤ ਸਿੰਘ ਹਾਜ਼ਰ ਸਨ।