ਖੇਤੀ ‘ਚ ਯੂਰੀਏ ਤੋਂ ਬਾਅਦ ਡੀਏਪੀ ਖਾਦ ਨੂੰ ਸਭ ਤੋਂ ਵੱਧ ਇਸਤੇਮਾਲ ਕੀਤਾ ਜਾਂਦਾ ਹੈ। ਇਸ ਖਾਦ ਦਾ ਮੁੱਲ ਜਨਵਰੀ ਮਹੀਨੇ ਵੱਧ ਸਕਦਾ ਹੈ। ਕਿਸਾਨਾਂ ਨੂੰ ਹਾਲੇ 50 ਕਿਲੋ ਦੀ ਬੋਰੀ 1,350 ਰੁਪਏ ਵਿਚ ਮਿਲ ਰਹੀ ਹੈ। ਇਸ ਵਿਚ ਦੋ ਸੌ ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਕੇਂਦਰ ਸਰਕਾਰ ਕਿਸਾਨਾਂ ਨੂੰ ਸਸਤੇ ਮੁੱਲ ’ਤੇ ਡੀਏਪੀ ਉਪਲਬਧ ਕਰਵਾਉਣ ਲਈ 3,500 ਰੁਪਏ ਪ੍ਰਤੀ ਟਨ ਦੀ ਦਰ ਨਾਲ ਵਿਸ਼ੇਸ਼ ਸਬਸਿਡੀ ਦਿੰਦੀ ਹੈ, ਜਿਸਦੀ ਮਿਆਦ 31 ਦਸੰਬਰ ਨੂੰ ਖ਼ਤਮ ਹੋ ਰਹੀ ਹੈ। ਹਾਲ ਦੇ ਦਿਨਾਂ ਵਿਚ ਡੀਏਪੀ ਬਣਾਉਣ ਵਿਚ ਇਸਤੇਮਾਲ ਹੋਣ ਵਾਲੇ ਫਾਸਫੋਰਿਕ ਐਸਿਡ ਅਤੇ ਅਮੋਨੀਆ ਦੇ ਮੁੱਲ ਵਿਚ 70 ਫ਼ੀਸਦੀ ਤੱਕ ਦੇ ਵਾਧੇ ਦਾ ਅਸਰ ਖਾਦ ਦੀਆਂ ਕੀਮਤਾਂ ’ਤੇ ਦੇਖਿਆ ਜਾ ਰਿਹਾ ਹੈ।