ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਦੇਰ ਸ਼ਾਮ ਅੱਤਵਾਦੀਆਂ ਨੇ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ। ਜਿਸ ਦੌਰਾਨ ਖੱਬਾ ਕਦਲ ਇਲਾਕੇ ਵਿੱਚ ਦੋ ਲੋਕਾਂ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ। ਅੰਮ੍ਰਿਤਸਰ ਦੇ ਅਜਨਾਲਾ ਦੇ ਛੋਟੇ ਜਿਹੇ ਪਿੰਡ ਚਮਿਆਰੀ ਦੇ ਦੋ ਨੌਜਵਾਨ, ਜੋ ਕਿ ਦੁੱਗਣੀ ਦਿਹਾੜੀ ਕਮਾਉਣ ਅਤੇ ਬਰਫਬਾਰੀ ਦੇਖਣ ਸ਼੍ਰੀਨਗਰ ਗਏ ਸਨ, ਅੱਤਵਾਦੀ ਟਾਰਗੇਟ ਕਿਲਿੰਗ ਦਾ ਸ਼ਿਕਾਰ ਹੋ ਗਏ। ਦੋਵੇਂ ਸ਼੍ਰੀਨਗਰ ਦੇ ਹੇਠਲੇ ਇਲਾਕੇ ਸ਼ਹੀਦ ਗੰਜ ਸਥਿਤ ਹੱਬਾ ਕਦਲ ਤੋਂ ਸ਼ਾਮ 7 ਵਜੇ ਡਰਾਈ ਫਰੂਟ ਦੀ ਦੁਕਾਨ ਤੋਂ ਕਿਰਾਏ ‘ਤੇ ਲਏ ਕਮਰੇ ਵੱਲ ਜਾ ਰਹੇ ਸਨ। ਇਸ ਦੌਰਾਨ ਅੱਤਵਾਦੀਆਂ ਨੇ ਦੋਵਾਂ ਨੂੰ ਏਕੇ-47 ਰਾਈਫਲਾਂ ਨਾਲ ਬਹੁਤ ਹੀ ਨੇੜਿਓਂ ਮਾਰ ਦਿੱਤਾ।
ਇਸ ਦੌਰਾਨ ਅੰਮ੍ਰਿਤਸਰ ਦੇ ਚਮਿਆਰੀ ਵਾਸੀ ਅੰਮ੍ਰਿਤਪਾਲ (31) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦਾ ਗੁਆਂਢੀ ਰੋਹਿਤ (25) ਜ਼ਖ਼ਮੀ ਹਾਲਤ ਵਿੱਚ ਸ੍ਰੀਨਗਰ ਦੇ ਸ੍ਰੀ ਮਹਾਰਾਜਾ ਹਰੀ ਸਿੰਘ ਹਸਪਤਾਲ ਵਿੱਚ ਦਾਖ਼ਲ ਸੀ। ਜਿੱਥੇ ਸਵੇਰੇ ਉਸ ਦੀ ਵੀ ਮੌਤ ਹੋ ਗਈ। ਰਾਤ 11 ਵਜੇ ਸੂਚਨਾ ਮਿਲਣ ਤੋਂ ਬਾਅਦ ਰੋਹਿਤ ਅਤੇ ਅੰਮ੍ਰਿਤਪਾਲ ਦਾ ਪਰਿਵਾਰ ਸ੍ਰੀਨਗਰ ਲਈ ਰਵਾਨਾ ਹੋ ਗਿਆ।