ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਾਊਪੁਰ ਦੇ ਮਾਸੂਮ ਬੱਚਿਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਬੰਨ੍ਹ ਬਣਾਉਣ ਦਾ ਕੰਮ ਪੂਰਾ ਹੋਣ ‘ਤੇ ਪਰਿਵਾਰ ਸਮੇਤ ਸੇਵਾ ‘ਤੇ ਗਏ ਦੋ ਮਾਸੂਮ ਬੱਚੇ ਬਿਆਸ ਦਰਿਆ ‘ਚ ਰੁੜ੍ਹ ਗਏ ਸਨ। ਬੱਚਿਆਂ ਨੂੰ ਤੁਰੰਤ ਬਾਹਰ ਕੱਢ ਕੇ ਕਪੂਰਥਲਾ ‘ਚ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਿਊਟੀ ‘ਤੇ ਗਏ ਡਾਕਟਰਾਂ ਨੇ ਦੋਨਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਬੱਚਿਆਂ ਦੀ ਪਛਾਣ ਗੁਰਬੀਰ ਸਿੰਘ ਗੋਰਾ ਪੁੱਤਰ ਸਤਨਾਮ ਸਿੰਘ ਅਤੇ ਸਮਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਦੋਵੇਂ ਵਾਸੀ ਪਿੰਡ ਰਾਮਪੁਰ ਗੋਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਬੀਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।