ਦੱਖਣੀ ਕੋਰੀਆ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ ਹੈ। ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 181 ਲੋਕਾਂ ਨੂੰ ਲੈ ਕੇ ਜਾ ਰਿਹਾ ਬੋਇੰਗ 737-800 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਯੋਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਇਸ ਹਾਦਸੇ ‘ਚ ਹੁਣ ਤੱਕ 120 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮਰਨ ਵਾਲਿਆਂ ਦੀ ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਹਾਦਸੇ ਵਿੱਚ ਦੋ ਜਾਨਾਂ ਬਚ ਗਈਆਂ ਅਤੇ ਉਨ੍ਹਾਂ ਨੂੰ ਬਚਾ ਲਿਆ ਗਿਆ ਹੈ। ਹਾਦਸੇ ਦੇ ਸਮੇਂ ਜਹਾਜ਼ ‘ਚ ਚਾਲਕ ਦਲ ਦੇ 6 ਮੈਂਬਰ ਅਤੇ 175 ਯਾਤਰੀ ਸਵਾਰ ਸਨ।
ਦਰਅਸਲ ਮੁਆਨ ਏਅਰਪੋਰਟ ‘ਤੇ ਲੈਂਡਿੰਗ ਦੌਰਾਨ ਜਹਾਜ਼ ਰਨਵੇ ਤੋਂ ਫਿਸਲ ਗਿਆ ਅਤੇ ਚਾਰਦੀਵਾਰੀ ਨਾਲ ਟਕਰਾ ਗਿਆ। ਸੀਮਾ ਦੀਵਾਰ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਏਅਰਪੋਰਟ ‘ਤੇ ਹਫੜਾ-ਦਫੜੀ ਮਚ ਗਈ। ਜਹਾਜ਼ ਨੂੰ ਅੱਗ ਲੱਗਣ ਤੋਂ ਬਾਅਦ ਅਸਮਾਨ ਧੂੰਏਂ ਨਾਲ ਭਰ ਗਿਆ। ਜੇਜੂ ਏਅਰ ਦੀ ਫਲਾਈਟ ਨੰਬਰ 2216 ਬੈਂਕਾਕ ਤੋਂ ਦੱਖਣੀ ਕੋਰੀਆ ਪਰਤ ਰਹੀ ਸੀ।
ਲੈਂਡਿੰਗ ਗੇਅਰ ‘ਚ ਖਰਾਬੀ ਤੋਂ ਬਾਅਦ ਹੋਇਆ ਹਾਦਸਾ!
ਬਚਾਅ ਦਲ ਨੇ ਜਹਾਜ਼ ਦੇ ਪਿਛਲੇ ਹਿੱਸੇ ਤੋਂ ਯਾਤਰੀਆਂ ਨੂੰ ਬਾਹਰ ਕੱਢ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਏਅਰਪੋਰਟ ‘ਤੇ ਲੈਂਡਿੰਗ ਗੀਅਰ ‘ਚ ਖਰਾਬੀ ਆਉਣ ਕਾਰਨ ਇਹ ਹਾਦਸਾ ਵਾਪਰਿਆ। ਦੱਖਣੀ ਕੋਰੀਆ ਦੇ ਕਾਰਜਕਾਰੀ ਰਾਸ਼ਟਰਪਤੀ ਚੋਈ ਸਾਂਗ-ਮੂ ਨੇ ਇਸ ਜਹਾਜ਼ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।
ਉਸਨੇ ਮੁਆਨ ਹਵਾਈ ਅੱਡੇ ‘ਤੇ ਤੁਰੰਤ ਬਚਾਅ ਕਾਰਜ ਅਤੇ ਸਾਰੇ ਬਚਾਅ ਯਤਨਾਂ ਦੇ ਆਦੇਸ਼ ਦਿੱਤੇ। ਚੋਈ ਸਾਂਗ-ਮੂ ਨੂੰ ਪਿਛਲੇ ਕਾਰਜਕਾਰੀ ਰਾਸ਼ਟਰਪਤੀ ਹਾਨ ਡੁਕ-ਸੂ ਦੇ ਮਹਾਦੋਸ਼ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਸ਼ ਦਾ ਅੰਤਰਿਮ ਨੇਤਾ ਬਣਾਇਆ ਗਿਆ ਸੀ।