ਮੁਹਾਲੀ – ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ ਤੇ 16 ਫਰਵਰੀ ਨੂੰ ‘ਪੇਂਡੂ ਭਾਰਤ ਬੰਦ ਅਤੇ ਸਨਅਤੀ ਹੜਤਾਲ’ ਨੂੰ ਸਫਲ ਬਣਾਉਣ ਲਈ ਮੁਹਾਲੀ ਜ਼ਿਲ੍ਹੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਭਗਤ ਆਸਾ ਰਾਮ ਬੈਦਵਾਨ ਦੀ ਸਮਾਧ ਵਿਖੇ ਹੋਈ।
ਮੀਟਿੰਗ ਵਿੱਚ ਭਾਰਤ ਬੰਦ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੁਹਾਲੀ ਜ਼ਿਲ੍ਹੇ ਵਿੱਚ ਪੰਜ ਥਾਵਾਂ ਅਜੀਜ਼ਪੁਰ ਟੋਲ ਪਲਾਜ਼ਾ, ਏਅਰਪੋਰਟ ਰੋਡ ਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਦੇ ਸਾਹਮਣੇ, ਟੋਲ ਪਲਾਜ਼ਾ ਬੜੌਦੀ, ਖਰੜ ਬੱਸ ਸਟੈਂਡ ਅਤੇ ਡੇਰਾਬਸੀ ਵਿਖੇ ਵੱਡੇ ਇਕੱਠ ਕਰ ਕੇ ਜਾਮ ਲਾਉਣ ਦੀਆਂ ਪੂਰੀਆਂ ਤਿਆਰੀਆਂ ਹੋ ਗਈਆਂ ਹਨ। ਦੱਸਣ ਯੋਗ ਹੈ ਕਿ 16 ਫਰਵਰੀ ਨੂੰ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਪੇਂਡੂ ਭਾਰਤ ਬੰਦ ਅਤੇ ਸਨਅਤੀ ਹੜਤਾਲ ਦਾ ਸੱਦਾ ਦਿੱਤਾ ਹੋਇਆ ਹੈ। ਵਪਾਰ ਮੰਡਲ ਨਾਲ ਹੋਈ ਗੱਲਬਾਤ ਅਨੁਸਾਰ ਮੁਹਾਲੀ ਜ਼ਿਲੇ ਅਤੇ ਵਿਚ ਪੈਂਦੇ ਸ਼ਹਿਰਾਂ ਦੇ ਬਾਜ਼ਾਰ 10 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਬੰਦ ਰਹਿਣਗੇ। ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਟਰੈਫਿਕ ਜਾਮ 12 ਵਜੇ ਸ਼ੁਰੂ ਕੀਤਾ ਜਾਵੇਗਾ ਅਤੇ ਸ਼ਾਮ ਚਾਰ ਵਜੇ ਤੱਕ ਜਾਰੀ ਰਹੇਗਾ।
ਜਥੇਬੰਦੀਆਂ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 16 ਫਰਵਰੀ ਨੂੰ ਸਫਰ ਕਰਨ ਤੋਂ ਗੁਰੇਜ਼ ਕਰਨ। ਉਹਨਾਂ ਨੇ ਲੋਕਾਂ ਨੂੰ ਬੰਦ ਵਾਲੇ ਦਿਨ ਸਾਂਝੇ ਇਕੱਠਾਂ ਵਿੱਚ ਸ਼ਾਮਿਲ ਹੋਣ ਦਾ ਵੀ ਸੱਦਾ ਦਿੱਤਾ। ਐਂਬੂਲੈਂਸਾਂ, ਬਰਾਤਾਂ, ਮੌਤ ਦੇ ਭੋਗ ਵਗੈਰਾ ਤੇ ਜਾਣ ਵਾਲਿਆਂ ਨੂੰ ਜਾਮ ਤੋਂ ਛੋਟ ਹੋਵੇਗੀ। ਬਾਕੀ ਹਰ ਕਿਸਮ ਦੀ ਆਵਾਜਾਈ ਚਾਰ ਘੰਟੇ ਲਈ ਬੰਦ ਰਹੇਗੀ।
ਮੀਟਿੰਗ ਨੇ ਸਰਬਸੰਮਤੀ ਨਾਲ ਮਹਿਸੂਸ ਕੀਤਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਹਰ ਵਰਗ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਪੁਰਾਣੀ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਹੈ, ਲੇਬਰ ਕਾਨੂੰਨ ਖਤਮ ਕਰ ਦਿੱਤੇ ਹਨ, ਦਿਹਾੜੀ ਅੱਠ ਘੰਟੇ ਦੀ ਥਾਂ 12 ਘੰਟੇ ਦੀ ਕਰ ਦਿੱਤੀ ਹੈ ਅਤੇ ਡਰਾਈਵਰਾਂ ਦੇ ਖਿਲਾਫ਼ ਹਿੱਟ ਐਂਡ ਰਨ ਦਾ ਕਾਨੂੰਨ ਬਣਾ ਦਿੱਤਾ ਹੈ। ਕਿਸਾਨਾਂ ਦੀ ਕਰਜ਼ਾ ਮੁਕਤੀ ਅਤੇ ਫ਼ਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਦੀ ਗਰੰਟੀ ਤੋਂ ਸਰਕਾਰ ਭੱਜ ਚੁੱਕੀ ਹੈ। ਉਲਟਾ ਹਰ ਕਿਸਮ ਦੇ ਵਿਰੋਧੀ ਵਿਚਾਰ ਨੂੰ ਦਬਾਉਣ ਲਈ ਈਡੀ, ਐਨ ਆਈ ਏ, ਸੀ ਬੀ ਆਈ ਅਤੇ ਯੂਏਪੀਏ ਵਗੈਰਾ ਦੀ ਬੇਦਰੇਗ ਵਰਤੋਂ ਕੀਤੀ ਜਾ ਰਹੀ ਹੈ। ਇਸ ਲਈ ਸਾਰੀਆਂ ਜਥੇਬੰਦੀਆਂ ਮੋਦੀ ਸਰਕਾਰ ਦੇ ਹੰਕਾਰ ਨੂੰ ਤੋੜਨ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਲਈ 16 ਫਰਵਰੀ ਨੂੰ ਗੱਜ ਵੱਜ ਕੇ ਭਾਰਤ ਬੰਦ ਨੂੰ ਸਫਲ ਬਣਾਉਣਗੀਆਂ।
ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਜ਼ਿਲ੍ਹਾ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਸਪਾਲ ਸਿੰਘ ਨਿਆਮੀਆਂ, ਜਸਪਾਲ ਸਿੰਘ ਲਾਂਡਰਾਂ, ਨਛੱਤਰ ਸਿੰਘ ਬੈਦਵਾਨ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਗਜੀਤ ਸਿੰਘ ਜੱਗੀ ਕਰਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰੈੱਸ ਸਕੱਤਰ ਅੰਗਰੇਜ ਸਿੰਘ ਮੁਹਾਲੀ, ਜਮਹੂਰੀ ਕਿਸਾਨ ਸਭਾ ਦੇ ਰਾਮ ਕ੍ਰਿਸ਼ਨ ਧੁਨਕੀਆ, ਪੈਨਸ਼ਨਰ ਐਸੋਸੀਏਸ਼ਨ ਦੇ ਕਰਮ ਸਿੰਘ ਧਨੋਆ, ਪੰਜਾਬ ਐਂਡ ਯੂ ਟੀ ਮੁਲਾਜ਼ਮ ਐਕਸ਼ਨ ਕਮੇਟੀ ਦੇ ਪ੍ਰਮੋਦ ਮਿਤਰਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਕਰਮਾ ਪੁਰੀ, ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਤੋਂ ਇਲਾਵਾ ਗੁਰਮੀਤ ਸਿੰਘ, ਗੁਰਦੀਪ ਸਿੰਘ ਬੈਦਵਾਣ, ਛਿੰਦਾ ਬੈਦਵਾਣ, ਹਰਵਿੰਦਰ ਸਿੰਘ ਪੱਪੂ, ਬਹਾਦਰ ਸਿੰਘ, ਦਰਸ਼ਨ ਸਿੰਘ ਹਰੀ , ਹਰਭਜਨ ਸਿੰਘ ਕੰਡਾਲਾ ਅਤੇ ਚੰਨੀ ਮਟੌਰ ਹਾਜ਼ਰ ਸਨ।
ਟਰੱਕ ਯੂਨੀਅਨ ਬਨੂੰੜ ਵੱਲੋਂ ਵੀ ਭਾਰਤ ਬੰਦ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ।