ਜਲੰਧਰ, 7 ਸਤੰਬਰ : 135 ਸਾਲ ਪੁਰਾਣੇ ਗੋਲਕਨਾਥ ਮੈਮੋਰੀਅਲ ਚਰਚ ਨੂੰ ਕਿਸੇ ਅਣਜਾਣ ਵਿਅਕਤੀ ਵੱਲੋਂ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਯੂਨਾਈਟਿਡ ਚਰਚ ਆਫ ਨਾਰਦਰਨ ਇੰਡੀਆ ਟਰੱਸਟ ਦੀ ਐਸੋਸੀਏਸ਼ਨ ਨੇ ਚਰਚ ਨੂੰ ਵੇਚਣ ਵਾਲੇ ਵਿਅਕਤੀ ‘ਤੇ ਦੋਸ਼ ਲਗਾਇਆ ਹੈ ਕਿ ਲੁਧਿਆਣਾ ਦਾ ਰਹਿਣ ਵਾਲਾ ਜਾਰਡਨ ਮਸੀਹ ਉਸ ਦਾ ਚਰਚ ਕਰੋੜਾਂ ਰੁਪਏ ਵਿਚ ਵੇਚ ਰਿਹਾ ਹੈ। ਇਸ ਤੋਂ ਬਾਅਦ ਚਰਚ ਆਫ਼ ਯੂਨਾਈਟਿਡ ਚਰਚ ਆਫ਼ ਨਾਰਦਰਨ ਇੰਡੀਆ ਐਸੋਸੀਏਸ਼ਨ ਟਰੱਸਟ ਦੇ ਪਾਸਟਰ ਸਰਵਣ ਮਸੀਹ ਨੇ 5 ਸਤੰਬਰ ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਸਮੇਤ ਪੁਲਿਸ ਕਮਿਸ਼ਨਰ ਅਤੇ ਸਬ ਰਜਿਸਟਰਾਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਜਲਦੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਹੈ। ਐਸੋਸੀਏਸ਼ਨ ਦੇ ਸਕੱਤਰ ਡਾ. ਅਮਿਤ ਕੇ ਪ੍ਰਕਾਸ਼ ਨੇ ਦੱਸਿਆ ਕਿ ਇਹ ਚਰਚ ਆਫ਼ ਨਾਰਥ ਇੰਡੀਆ ਦਾ ਮੁੱਖ ਦਫ਼ਤਰ ਦਿੱਲੀ ਵਿੱਚ ਹੈ ਅਤੇ ਦੇਸ਼ ਦੇ 28 ਰਾਜਾਂ ਵਿੱਚ ਇਸ ਦੇ ਡਾਇਓਸਿਸ ਹਨ। ਲੁਧਿਆਣਾ ਦਫਤਰ ਤੋਂ 2 ਤੋਂ 3 ਦਿਨ ਪਹਿਲਾਂ ਸੂਚਨਾ ਮਿਲੀ ਸੀ ਕਿ ਗੋਲਕਨਾਥ ਮੈਮੋਰੀਅਲ ਚਰਚ, ਜਲੰਧਰ ਦੇ ਨਾਲ ਮਿਸ਼ਨ ਕੰਪਾਊਂਡ ਅਤੇ ਚਰਚ ਦੀ ਜਗ੍ਹਾ ਨੂੰ ਲੁਧਿਆਣਾ ਦੇ ਇੱਕ ਵਿਅਕਤੀ ਜੌਰਡਨ ਮਸੀਹ ਨੂੰ ਵੇਚਿਆ ਜਾ ਰਿਹਾ ਹੈ, ਜਿਸ ਨੇ ਇਸ ਜਗ੍ਹਾ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਸਾਨੂੰ ਇਸ ਬਾਰੇ ਪਤਾ ਲੱਗਾ ਤਾਂ ਅਸੀਂ ਡੀਸੀ, ਪੁਲਿਸ ਕਮਿਸ਼ਨਰ ਅਤੇ ਸਬ ਰਜਿਸਟਰਾਰ ਤਹਿਸੀਲਦਾਰ ਨੂੰ ਮਿਲੇ ਅਤੇ ਸ਼ਿਕਾਇਤ ਦਿੱਤੀ ਗਈ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਇਸ ਜਗ੍ਹਾ ਦੀ ਰਜਿਸਟਰੀ ਨਹੀਂ ਹੋ ਸਕਦੀ। ਨਾਰਦਰਨ ਇੰਡੀਆ ਟਰੱਸਟ ਐਸੋਸੀਏਸ਼ਨ ਨੇ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਚਰਚ ਨੂੰ ਵੇਚਣ ਵਾਲੇ ਜਾਰਡਨ ਮਸੀਹ ਅਤੇ ਇਸ ਨੂੰ ਖਰੀਦਣ ਵਾਲੇ ਅਕਸ਼ੈ ਦੱਤ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜਾਰਡਨ ਮਸੀਹ ਦਾ ਸਾਡੇ ਕਿਸੇ ਵੀ ਚਰਚ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਸ਼ਰਾਰਤੀ ਵਿਅਕਤੀ ਜਾਰਡਨ ਮਸੀਹ ਨੇ ਯੂਨਾਈਟਿਡ ਚਰਚ ਆਫ ਨਾਰਥ ਇੰਡੀਆ ਟਰੱਸਟ ਸੰਸਥਾ ਦੇ ਨਾਂ ‘ਤੇ ਇਕ ਸੰਸਥਾ ਬਣਾਈ ਹੋਈ ਹੈ ਅਤੇ ਸਾਡੀ ਸੰਸਥਾ ਦਾ ਮੁੱਖ ਦਫਤਰ ਮੁੰਬਈ ਵਿਚ ਹੈ ਅਤੇ ਉਹ ਇਸ ਨਾਂ ਦੀ ਵਰਤੋਂ ਕਰਕੇ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੀਜੀਪੀ ਆਈਪੀ ਸ਼ੁਕਲਾ ਨਾਲ ਨਿੱਜੀ ਗੱਲਬਾਤ ਹੋਈ ਹੈ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਇਸ ਸ਼ਰਾਰਤੀ ਅਨਸਰ ਖ਼ਿਲਾਫ਼ ਜਲਦੀ ਤੋਂ ਜਲਦੀ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਪਰ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਜਗ੍ਹਾ ਵੇਚਣ ਵਾਲੇ ਅਤੇ ਖ਼ਰੀਦਣ ਵਾਲੇ ਦੋਵਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।