ਰਾਜਸਥਾਨ ‘ਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਰਬੀ ਰਾਜਸਥਾਨ ਵਿੱਚ ਭਾਰੀ ਮੀਂਹ ਕਾਰਨ ਅਜਮੇਰ, ਭਰਤਪੁਰ ਅਤੇ ਧੌਲਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਸਥਿਤੀ ਵਿਗੜ ਗਈ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਅਜਮੇਰ ਵਿਚ ਵੀ ਅੱਜ ਸਕੂਲ ਬੰਦ ਰਹਿਣਗੇ। ਜਦੋਂ ਕਿ ਧੌਲਪੁਰ ਵਿੱਚ ਅਗਲੇ ਹੁਕਮਾਂ ਤੱਕ ਸਕੂਲ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਭਰਤਪੁਰ ਵਿੱਚ ਅੱਜ ਤੋਂ 14 ਸਤੰਬਰ ਤੱਕ ਸਕੂਲ ਬੰਦ ਰਹਿਣਗੇ। ਦੋਵਾਂ ਜ਼ਿਲ੍ਹਿਆਂ ਵਿੱਚ ਤੇਜ਼ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਅਜਮੇਰ ਦੇ ਕਲੈਕਟਰ ਲੋਕ ਬੰਧੂ ਨੇ ਜ਼ਿਲ੍ਹੇ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਦੇ ਮੱਦੇਨਜ਼ਰ 12 ਸਤੰਬਰ ਤੱਕ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਅਜਮੇਰ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਿਛਲੇ ਕੁਝ ਦਿਨਾਂ ਵਿਚ ਕਈ ਵਾਰ ਸਕੂਲਾਂ ‘ਚ ਛੁੱਟੀਆਂ ਦਾ ਐਲਾਨ ਕਰਨਾ ਪਿਆ। ਕਰੀਬ ਇੱਕ ਹਫ਼ਤਾ ਪਹਿਲਾਂ ਹੋਈ ਭਾਰੀ ਬਰਸਾਤ ਕਾਰਨ ਸੈਂਕੜੇ ਸਕੂਲੀ ਬੱਚੇ ਪਾਣੀ ਭਰ ਜਾਣ ਕਾਰਨ ਸੜਕਾਂ ’ਤੇ ਫਸ ਗਏ ਸਨ। ਬਾਅਦ ਵਿੱਚ ਉਨ੍ਹਾਂ ਨੂੰ ਰੱਸੀ ਦੀ ਮਦਦ ਨਾਲ ਬਚਾਉਣਾ ਪਿਆ।