ਲੁਧਿਆਣਾ, 14 ਅਗਸਤ : ਲੁਧਿਆਣਾ ‘ਚ ਜੱਸੀਆਂ ਰੋਡ ਦੇ ਵਸਨੀਕ ਦੀ ਦੇਰ ਰਾਤ ਛੱਤ ਤੋਂ ਡਿੱਗਣ ਕਾਰਨ ਸੀਐਮਸੀ ਹਸਪਤਾਲ ਵਿੱਚ ਇਲਾਜ ਦੌਰਾਨ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਸੋਨਮ ਨੇ ਫੈਕਟਰੀ ਮਾਲਕ ‘ਤੇ ਗੰਭੀਰ ਦੋਸ਼ ਲਾਏ ਹਨ। ਉਸ ਨੇ ਦੱਸਿਆ ਕਿ ਫੈਕਟਰੀ ਮਾਲਕ ਨੇ ਉਸ ਦੇ ਪਤੀ ’ਤੇ ਚੋਰੀ ਦਾ ਦੋਸ਼ ਲਾਇਆ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਲੇਮ ਟਾਬਰੀ ਦੀ ਪੁਲਸ ਮੌਕੇ ‘ਤੇ ਪਹੁੰਚੀ, ਮ੍ਰਿਤਕ ਦਾ ਨਾਂ ਰਾਜੂ (32) ਹੈ। ਉਸ ਦੀਆਂ ਦੋ ਧੀਆਂ ਹਨ। ਰਾਜੂ ਇੱਕ ਹੌਜ਼ਰੀ ਫੈਕਟਰੀ ਵਿੱਚ ਸੁਪਰਵਾਈਜ਼ਰ ਸੀ।
ਸੋਨਮ ਅਨੁਸਾਰ ਜਦੋਂ ਰਾਜੂ ਨੇ ਫੈਕਟਰੀ ਮਾਲਕ ਨੂੰ ਕੰਮ ਛੱਡਣ ਬਾਰੇ ਦੱਸਿਆ ਤਾਂ ਉਸ ਨੇ ਉਸ ਦੀ ਕੁੱਟਮਾਰ ਕੀਤੀ। ਮੰਗਲਵਾਰ ਨੂੰ ਕੁਝ ਲੋਕ ਥਾਰ, ਫਾਰਚੂਨਰ ਕਾਰ ਅਤੇ ਬਾਈਕ ‘ਤੇ ਘਰ ਆਏ। ਉਨ੍ਹਾਂ ਨੇ ਰਾਜੂ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਛੱਤ ਤੋਂ ਸੁੱਟ ਦਿੱਤਾ। ਪਤਨੀ ਸੋਨਮ ਨੇ ਦੱਸਿਆ ਕਿ ਫੈਕਟਰੀ ਮਾਲਕ ਨੇ ਉਸ ਦੇ ਪਤੀ ਰਾਜੂ ਦੇ ਨਾਂ ‘ਤੇ ਖਾਤਾ ਖੋਲ੍ਹਿਆ ਹੋਇਆ ਸੀ। ਉਸ ਖਾਤੇ ‘ਚ ਕਰੀਬ 80-90 ਲੱਖ ਰੁਪਏ ਦਾ ਲੈਣ-ਦੇਣ ਵੀ ਹੋਇਆ ਹੈ। ਉਸ ਦੇ ਪਤੀ ਨੇ ਇਹ ਸਭ ਸ਼ਿਵ ਸੈਨਾ ਨੇਤਾ ਵਿਸ਼ਾਲ ਨੂੰ ਦੱਸਿਆ ਸੀ।
ਸ਼ਿਵ ਸੈਨਾ ਨੇਤਾ ਵਿਸ਼ਾਲ ਨੇ ਦੱਸਿਆ ਕਿ ਰਾਜੂ ਨੇ ਉਸ ਨੂੰ ਦੱਸਿਆ ਸੀ ਕਿ ਫੈਕਟਰੀ ਮਾਲਕ ਉਸ ਦੇ ਨਾਂ ’ਤੇ ਖਾਤਾ ਖੋਲ੍ਹ ਕੇ ਧੋਖਾਧੜੀ ਕਰ ਰਿਹਾ ਹੈ। ਜਦੋਂ ਉਸ ਨੇ ਨੌਕਰੀ ਛੱਡਣ ਲਈ ਕਿਹਾ ਤਾਂ ਰਾਜੂ ਨੇ ਉਸ ਦੀ ਕੁੱਟਮਾਰ ਕੀਤੀ। ਉਸ ‘ਤੇ ਚੋਰੀ ਦਾ ਇਲਜ਼ਾਮ ਲਗਾ ਕੇ 4 ਦਿਨ ਤੱਕ ਜੋਧੇਵਾਲ ਬਸਤੀ ਥਾਣੇ ਵਿੱਚ ਰੱਖਿਆ ਗਿਆ। ਉਸ ਸਮੇਂ ਰਾਜੂ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਸੀ।
ਵਿਸ਼ਾਲ ਨੇ ਦੱਸਿਆ ਕਿ ਅੱਜ ਕੁਝ ਲੋਕ ਰਾਜੂ ਦੇ ਘਰ ਆਏ। ਉਨ੍ਹਾਂ ਨੇ ਰਾਜੂ ਦੀ ਕੁੱਟਮਾਰ ਕਰਕੇ ਉਸ ਨੂੰ ਛੱਤ ਤੋਂ ਸੁੱਟ ਦਿੱਤਾ, ਰਾਜੂ ਨੂੰ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ ਤੇ ਉਸ ਦੀ ਹਾਲਤ ਨੂੰ ਦੇਖਦਿਆਂ ਸੀਐਮਸੀ ਹਸਪਤਾਲ ਦਾਖਿਲ ਕਰਵਾਇਆ, ਜਿੱਥੇ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਲੇਮ ਟਾਬਰੀ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਐਸਐਚਓ ਬਿਟਨ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।